ਅੰਮ੍ਰਿਤਸਰ: ਪੰਜਾਬ ਵਿੱਚ 108 ਐਂਬੂਲੈਂਸ ਦੇ ਡਰਾਈਵਰਾਂ ਵੱਲੋਂ ਪਿਛਲੇ ਚੌਵੀ ਘੰਟਿਆਂ ਤੋਂ ਕੀਤੀ ਜਾ ਰਹੀ ਹੜਤਾਲ ਅੱਜ ਦੂਸਰੇ ਦਿਨ ਵਿੱਚ ਦਾਖ਼ਲ ਹੋ ਗਈ ਹੈ। ਇਨ੍ਹਾਂ ਐਂਬੂਲੈਂਸਾਂ ਨੂੰ ਚਲਾਉਣ ਵਾਲੀ ਕੰਪਨੀ ਨੇ ਵੀ ਸਖ਼ਤ ਰੁਖ ਅਖ਼ਤਿਆਰ ਕਰਦਿਆਂ ਹੜਤਾਲ 'ਤੇ ਗਏ ਡਰਾਈਵਰਾਂ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਹੈ। ਇਸ ਦੇ ਪਹਿਲੇ ਪੜਾਅ ਵਿੱਚ ਬੀਤੀ ਰਾਤ 36 ਮੁਲਾਜ਼ਮ ਗੁਰਦਾਸਪੁਰ ਜ਼ਿਲ੍ਹੇ ਤੋਂ ਫਾਰਗ ਕੀਤੇ ਗਏ। ਅੱਜ ਦੂਸਰੇ ਦਿਨ ਕੰਪਨੀ ਨੇ ਅੰਮ੍ਰਿਤਸਰ ਦੇ ਲਗਪਗ ਚਾਰ ਦਰਜਨ ਡਰਾਈਵਰਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ।   ਇਸ ਤੋਂ ਬਾਅਦ ਵੀ ਹਾਲਾਤ ਸੁਧਰੇ ਨਹੀਂ ਕਿਉਂਕਿ ਇਹ ਡਰਾਈਵਰ ਐਂਬੂਲੈਂਸਾਂ ਦਾ ਚਾਰਜ ਛੱਡਣ ਨੂੰ ਤਿਆਰ ਨਹੀਂ ਸੀ। ਐਂਬੂਲੈਂਸਾਂ ਚਲਾਉਣ ਵਾਲੀ ਕੰਪਨੀ ਜਿਕਿਤਸਾ ਹੈਲਥ ਕੇਅਰ ਨੇ ਅੱਜ ਪੁਲਿਸ ਦਾ ਸਹਾਰਾ ਲਿਆ ਤੇ ਇਨ੍ਹਾਂ ਐਂਬੂਲੈਂਸਾਂ ਦਾ ਕੰਟਰੋਲ ਆਪਣੇ ਹੱਥਾਂ ਵਿੱਚ ਲੈਣ ਦੀ ਕੋਸ਼ਿਸ਼ ਕੀਤੀ। ਇਸ ਪਿੱਛੇ ਤਰਕ ਇਹ ਦਿੱਤਾ ਗਿਆ ਕਿ ਐਂਬੂਲੈਂਸ ਸੇਵਾ ਬੰਦ ਹੋਣ ਨਾਲ ਮਰੀਜ਼ਾਂ ਨੂੰ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ ਜਦਕਿ ਕੰਪਨੀ ਦੇ 100 ਦੇ ਕਰੀਬ ਮੁਲਾਜ਼ਮ ਜੋ ਬੀਤੇ ਚੌਵੀ ਘੰਟਿਆਂ ਤੋਂ ਹੜਤਾਲ ਤੇ ਚੱਲ ਰਹੇ ਸਨ, ਨੇ ਇਸ ਦਾ ਵਿਰੋਧ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਇਨ੍ਹਾਂ ਨਾਲ ਧੱਕੇਸ਼ਾਹੀ ਵੀ ਕੀਤੀ ਤੇ ਉਨ੍ਹਾਂ ਕੋਲੋਂ ਜ਼ਬਰਦਸਤੀ ਐਂਬੂਲੈਂਸ ਗੱਡੀਆਂ ਦੀਆਂ ਚਾਬੀਆਂ ਤੇ ਮੋਬਾਈਲ ਵੀ ਖੋਹੇ। ਹੜਤਾਲ 'ਤੇ ਚੱਲ ਰਹੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜੇਕਰ ਵਿਭਾਗ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤੇ ਬੀਤੇ ਚੌਵੀ ਘੰਟਿਆਂ ਦੌਰਾਨ ਗੁਰਦਾਸਪੁਰ ਤੇ ਅੰਮ੍ਰਿਤਸਰ ਦੇ ਟਰਮੀਨੇਟ ਕੀਤੇ ਮੁਲਾਜ਼ਮਾਂ ਨੂੰ ਤੁਰੰਤ ਬਹਾਲ ਨਾ ਕੀਤਾ ਤਾਂ ਉਹ ਵੱਡੇ ਪੱਧਰ 'ਤੇ ਸੰਘਰਸ਼ ਕਰਨਗੇ। ਜਦਕਿ ਦੂਸਰੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਉਹ ਸਿਰਫ਼ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਆਏ ਸੀ। ਉਨ੍ਹਾਂ ਦਾ ਸਿਰਫ ਇਹ ਕਹਿਣਾ ਸੀ ਕਿ ਇੱਥੇ ਹਾਲਾਤ ਖਰਾਬ ਹੋਣ ਦਾ ਖਦਸ਼ਾ ਸੀ ਜਿਸ ਕਾਰਨ ਇੱਥੇ ਪੁਲਿਸ ਬਲ ਤਾਇਨਾਤ ਕਰਨਾ ਪਿਆ।