ਚੰਡੀਗੜ੍ਹ: ਪ੍ਰੋਗ੍ਰੈਸਿਵ ਪੰਜਾਬ ਇਨਵੈਸਟਰ ਸਮਿਟ ਸ਼ੁਰੂ ਹੋ ਗਈ ਹੈ। ਪੰਜਾਬ ਸਰਕਾਰ ਨੂੰ ਸੂਬੇ ਦੀ ਆਰਥਿਕਤਾ ਤੇ ਘਰ-ਘਰ ਰੁਜ਼ਗਾਰ ਮੁਹਿੰਮ ਲਈ ਸਮਿਟ ਤੋਂ ਵੱਡੀ ਆਸ ਹੈ। ਇਹ ਪ੍ਰੋਗ੍ਰੈਸਿਵ ਪੰਜਾਬ ਇਨਵੈਸਟਰ ਸਮਿਟ ਮੁਹਾਲੀ ਦੇ ਆਈਐਸਬੀ ਵਿੱਚ ਕਰਵਾਈ ਜਾ ਰਹੀ ਹੈ। ਸਵਾਲ ਇਹ ਹੈ ਕਿ ਕੀ ਨਿਵੇਸ਼ਕ ਕੈਪਟਨ ਸਰਕਾਰ 'ਤੇ ਭਰੋਸਾ ਕਰਨਗੇ ਜਾਂ ਨਹੀਂ। ਸਰਕਾਰ ਦਾ ਦਾਅਵਾ ਹੈ ਕਿ ਸਮਿਟ ਵਿੱਚ ਅੰਤਰਰਾਸ਼ਟਰੀ ਕੰਪਨੀਆਂ ਵੀ ਸ਼ਮੂਲੀਅਤ ਕਰਨਗੀਆਂ। ਉਂਝ ਐਗਜ਼ੀਬੀਸ਼ਨ ਹਾਲ ਵਿੱਚ ਸਾਰੀਆਂ ਕੰਪਨੀਆਂ ਪੁਰਾਣੀਆਂ ਨਜ਼ਰ ਆਈਆਂ ਹਨ। ਇਨ੍ਹਾਂ ਵਿੱਚ ਇੱਕ ਸਟਾਲ ਪੰਜਾਬ ਸਰਕਾਰ ਵੱਲੋਂ ਘਰ-ਘਰ ਰੁਜ਼ਗਾਰ ਦਾ ਵੀ ਲਾਇਆ ਗਿਆ ਹੈ। ਘਰ-ਘਰ ਰੁਜ਼ਗਾਰ ਦਾ ਵਾਅਦਾ ਪੰਜਾਬ ਸਰਕਾਰ ਵੱਲੋਂ ਚੋਣਾਂ ਦੌਰਾਨ ਕੀਤਾ ਗਿਆ ਸੀ ਪਰ ਇਸ ਨੂੰ ਅਜੇ ਤੱਕ ਅਮਲੀ ਜਾਮਾ ਨਹੀਂ ਪਹਿਣਾਇਆ ਗਿਆ। ਪੰਜਾਬ ਸਰਕਾਰ ਨਿਵੇਸ਼ ਜ਼ਰੀਏ ਆਰਥਿਕਤਾ ਨੂੰ ਹੁਲਾਰਾ ਦੇਣ ਦੀ ਆਸ ਰੱਖਦੀ ਹੈ। ਦੂਸਰਾ ਪੰਜਾਬ ਵਿੱਚ ਰੁਜਗਾਰ ਪੈਦਾ ਕਰਨ ਦੇ ਨਜ਼ਰੀਏ ਨਾਲ ਵੀ ਇਹ ਸਮਾਗਮ ਕਰਵਾਇਆ ਗਿਆ ਹੈ। ਇਸ ਕਿਸਮ ਦਾ ਸਮਿਟ ਅਕਾਲੀ ਸਰਕਾਰ ਵੇਲੇ ਵੀ ਕਰਵਾਈ ਜਾਂਦੀ ਸੀ।