ਅੰਮ੍ਰਿਤਸਰ: ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਦਾ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੌਰਾ ਸਿਆਸੀ ਗਲਿਆਰਿਆਂ ਵਿੱਚ ਚਰਚੇ ਛੇੜਨ ਜੋਗਾ ਤਾਂ ਨਹੀਂ ਰਿਹਾ ਪਰ ਇਸ ਦੌਰਾਨ ਅਮਿਤ ਸ਼ਾਹ ਨੇ ਪੰਜਾਬ ਦੀ ਕਾਂਗਰਸ ਸਰਕਾਰ 'ਤੇ ਖ਼ੂਬ ਸ਼ਬਦੀ ਹਮਲੇ ਕੀਤੇ। ਉਨ੍ਹਾਂ ਕਾਂਗਰਸ ਨੂੰ ਚੁਰਾਸੀ ਕਤਲੇਆਮ ਤੋਂ ਲੈ ਕੇ ਕਰਤਾਰਪੁਰ ਸਾਹਿਬ ਗਲਿਆਰੇ ਤਕ ਘੇਰਿਆ।


1984 ਸਿੱਖ ਕਤਲੇਆਮ ਦਾ ਸੰਵੇਦਨਸ਼ੀਲ ਮਸਲਾ ਛੇੜਦਿਆਂ ਬੀਜੇਪੀ ਪ੍ਰਧਾਨ ਕਾਂਗਰਸ 'ਤੇ ਖ਼ੂਬ ਵਰ੍ਹੇ। ਅਮਿਤ ਸ਼ਾਹ ਨੇ ਬੀਜੇਪੀ ਸਰਕਾਰ ਦੀ ਤਾਰੀਫ ਕਰਦਿਆਂ ਕਿਹਾ ਕਿ ਮੋਦੀ ਨੇ ਐਸਆਈਟੀ ਬਣਾਈ ਤਾਂ ਸਿੱਖਾਂ ਨੂੰ ਚੁਰਾਸੀ ਦੰਗਿਆਂ ਦਾ ਇਨਸਾਫ ਮਿਲਣਾ ਸ਼ੁਰੂ ਹੋਇਆ। ਹਾਲਾਂਕਿ, ਕਾਂਗਰਸੀ ਨੇਤਾ ਸੱਜਣ ਕੁਮਾਰ ਨੂੰ ਸਜ਼ਾ ਸੀਬੀਆਈ ਦੀ ਜਾਂਚ ਕਰਕੇ ਹੋਈ ਪਰ ਸ਼ਾਹ ਨੇ ਇਸ 'ਤੇ ਵੀ ਮੋਦੀ ਸਰਕਾਰ ਵੱਲੋਂ ਗਠਿਤ ਕੀਤੀ ਐਸਆਈਟੀ ਦਾ ਮਾਅਰਕਾ ਜੜ ਦਿੱਤਾ।

ਜ਼ਰੂਰ ਪੜ੍ਹੋ- ਕਈ ਸਵਾਲ ਖੜ੍ਹੇ ਕਰ ਗਈ ਅਮਿਤ ਸ਼ਾਹ ਦੀ ਅੰਮ੍ਰਿਤਸਰ ਫੇਰੀ !

ਉਨ੍ਹਾਂ ਮੰਚ ਤੋਂ ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨ ਫੇਰੀ ਦੌਰਾਨ ਕਰਤਾਰਪੁਰ ਸਾਹਿਬ ਗਲਿਆਰੇ ਦੇ ਖੁੱਲ੍ਹਣ ਦੀ ਪਹਿਲੀ ਸੂਚਨਾ ਲਿਆਉਣ ਦੇ ਦਾਅਵੇ ਨੂੰ ਵੀ ਝੂਠਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸਿੱਧੂ ਉੱਥੇ ਸਾਡੇ ਜਵਾਨਾਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਪਾਕਿ ਫ਼ੌਜ ਮੁਖੀ ਨੂੰ ਜੱਫੀ ਪਾਉਣ ਗਏ ਸਨ। ਸ਼ਾਹ ਨੇ ਕਰਤਾਰਪੁਰ ਸਾਹਿਬ ਗਲਿਆਰੇ ਦਾ ਸਿਹਰਾ ਮੋਦੀ ਸਰਕਾਰ ਨੂੰ ਦਿੰਦਿਆਂ ਕਿਹਾ ਕਿ ਕਾਂਗਰਸ ਇੰਨੀ ਕਾਬਲ ਹੁੰਦੀ ਤਾਂ ਵੰਡ ਸਮੇਂ ਕਰਤਾਰਪੁਰ ਸਾਹਿਬ ਨੂੰ ਪਾਕਿਸਤਾਨ ਵਿੱਚ ਨਾ ਜਾਣ ਦਿੰਦੀ।

ਅਮਿਤ ਸ਼ਾਹ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਰਜਵਾੜਾ ਸੋਚ ਦਾ ਮਾਲਕ ਕਰਾਰ ਦਿੰਦਿਆਂ ਦੋਸ਼ ਲਾਇਆ ਕਿ ਉਨ੍ਹਾਂ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਯੋਜਨਾਵਾਂ ਨੂੰ ਬੰਦ ਕਰ ਦਿੱਤਾ ਹੈ। ਸ਼ਾਹ ਨੇ ਕਾਂਗਰਸ 'ਤੇ ਤੰਜ਼ ਕੱਸਿਆ ਕਿ ਇਹ ਕਿਹੋ ਜਿਹੀ ਸਰਕਾਰ ਚਲਾ ਰਹੀ ਹੈ ਜੋ ਵਿਕਾਸ ਦੀਆਂ ਸਕੀਮਾਂ ਬੰਦ ਕਰਕੇ ਅੱਗੇ ਵਧਣ ਦੇ ਦਾਅਵੇ ਕਰ ਰਹੀ ਹੈ। ਉਨ੍ਹਾਂ ਕਿਸਾਨ ਕਰਜ਼ ਮੁਆਫ਼ੀ ਦੇ ਮੁੱਦੇ 'ਤੇ ਵੀ ਕਾਂਗਰਸ ਨੂੰ ਘੇਰਿਆ ਤੇ ਮੋਦੀ ਸਰਕਾਰ ਨੂੰ ਕਿਸਾਨ ਹਿਤੈਸ਼ੀ ਦੱਸਿਆ।