ਅੰਮ੍ਰਿਤਸਰ: ਸਥਾਨਕ ਗੁਲਮੋਹਰ ਐਵੀਨਿਊ ਵਿੱਚ ਅੱਜ ਬਾਪ ਨੇ ਆਪਣੀ ਧੀ ਦਾ ਕਤਲ ਕਰਕੇ ਖ਼ੁਦ ਫਾਹਾ ਲੈ ਲਿਆ। ਹਾਸਲ ਜਾਣਕਾਰੀ ਮੁਤਾਬਕ ਧੀ ਨੀਲੋਫਰ ਇੰਗਲੈਂਡ ਵਿੱਚ ਰਹਿੰਦੀ ਸੀ ਤੇ ਕੁਝ ਦਿਨ ਪਹਿਲਾਂ ਹੀ ਭਾਰਤ ਆਈ ਸੀ। ਇੱਕ ਹਫਤੇ ਤੋਂ ਉਹ ਆਪਣੇ ਮਾਤਾ-ਪਿਤਾ ਕੋਲ ਰਹਿਣ ਲਈ ਆਈ ਸੀ। ਪਿਤਾ ਡੇਵਿਡ ਬਿਜਲੀ ਬੋਰਡ ਤੋਂ ਜੇਈ ਰਿਟਾਇਰ ਸੀ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ।
ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਡੇਵਿਡ ਪਿਛਲੇ ਕੁਝ ਦਿਨਾਂ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ ਤੇ ਉਨ੍ਹਾਂ ਦਾ ਇਲਾਜ ਵੀ ਚੱਲ ਰਿਹਾ ਸੀ। ਹਾਲਾਂਕਿ ਪੁਲਿਸ ਵੀ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਆਖ਼ਰ ਡੇਵਿਡ ਨੇ ਆਪਣੀ ਧੀ ਦਾ ਕਤਲ ਕਿਉਂ ਕੀਤਾ ਤੇ ਫਿਰ ਖ਼ੁਦਕੁਸ਼ੀ ਕਿਉਂ ਕੀਤੀ?
ਗੁਆਂਢੀਆਂ ਨੇ ਦੱਸਿਆ ਕਿ ਅੱਜ ਸਵੇਰੇ ਡੇਵਿਡ ਦੀ ਪਤਨੀ ਮਾਰਥਾ ਜਦੋਂ ਚਰਚ ਤੋਂ ਵਾਪਸ ਆਈ ਤਾਂ ਦਰਵਾਜ਼ਾ ਅੰਦਰੋਂ ਬੰਦ ਸੀ। ਕਿਸੇ ਤਰ੍ਹਾਂ ਉਸ ਨੇ ਅੰਦਰ ਜਾ ਕੇ ਦੇਖਿਆ ਕਿ ਡੇਵਿਡ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ ਤੇ ਉਸ ਦੀ ਧੀ ਨੀਲੋਫਰ ਦੀ ਲਾਸ਼ ਵੀ ਨੇੜੇ ਹੀ ਪਈ ਹੋਈ ਸੀ। ਨੀਲੋਫਰ ਦੇ ਸਿਰ ’ਤੇ ਗੰਭੀਰ ਜ਼ਖ਼ਮੀ ਪਏ ਸਨ।