ਚੰਡੀਗੜ੍ਹ: ਪੰਜਾਬ ਵਿੱਚ ਵੱਖ-ਵੱਖ ਥਾਈਂ ਹੋਈਆਂ ਲੁੱਟ ਦੀਆਂ ਵਾਰਦਾਤਾਂ ਵਿੱਚ ਤਕਰੀਬਨ ਪੌਣੇ ਗਿਆਰਾਂ ਲੱਖ ਰੁਪਏ ਖੋਹੇ ਜਾਣ ਦੀਆਂ ਖ਼ਬਰਾਂ ਹਨ। ਪਹਿਲੀ ਵਾਰਦਾਤ ਸਵੇਰੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਵਾਪਰੀ ਜਿੱਥੋਂ ਪੌਣੇ ਛੇ ਲੱਖ ਰੁਪਏ ਖੋਹੇ ਗਏ ਅਤੇ ਦੂਜੀ ਮੋਗਾ ਜ਼ਿਲ੍ਹੇ ਵਿੱਚ ਵਾਪਰੀ ਜਿੱਥੇ ਪੰਜ ਲੱਖ ਰੁਪਏ ਲੁੱਟੇ ਗਏ ਹਨ।

ਮੋਗਾ ਦੇ ਕਸਬਾ ਬਾਘਾਪੁਰਾਣਾ ਵਿੱਚ ਸੋਮਵਾਰ ਸ਼ਾਮ ਮੁਦਰਾ ਕਾਰੋਬਾਰੀ ਦੇ ਕਰਿੰਦੇ ਤੋਂ ਨਕਾਬਪੋਸ਼ ਨੇ ਪੰਜ ਲੱਖ ਰੁਪਏ ਲੁੱਟ ਲਏ ਹਨ। ਇਹ ਘਟਨਾ ਸੀਸੀਟੀਵੀ ਵਿੱਚ ਵੀ ਕੈਦ ਹੋ ਗਈ ਹੈ। ਸੀਸੀਟੀਵੀ ਦੀਆਂ ਤਸਵੀਰਾਂ ਵਿੱਟ ਦਿਖਾਈ ਦੇ ਰਿਹਾ ਹੈ ਕਿ ਸਫੇਦ ਰੰਗ ਦੇ ਸਕੂਟਰ ਉਤੇ ਮਨੀਚੇਂਜਰ ਕੰਪਨੀ ਦਾ ਕਰਮਚਾਰੀ ਉੱਪਰ ਲਾਲ ਰੰਗ ਦੀ ਕਮੀਜ ਪਹਿਨਿਆ ਹੋਇਆ ਨਕਾਬਪੋਸ਼ ਸੋਟੀ ਨਾਲ ਵਾਰ ਕਰਦਾ ਹੈ। ਇਸ ਦੌਰਾਨ ਸਕੂਟਰ ਡਿੱਗ ਪੈਂਦਾ ਹੈ ਤੇ ਮਨੀ ਚੇਂਜਰ ਦਾ ਕਰਿੰਦਾ ਆਪਣੀ ਜਾਨ ਬਚਾਉਣ ਲਈ ਦੂਰ ਹੋ ਜਾਂਦਾ ਹੈ। ਇੰਨੇ ਵਿੱਚ ਮੌਕਾ ਪਾ ਕੇ ਲੁਟੇਰਾ ਸਕੂਟਰ ਚੁੱਕ ਫਰਾਰ ਹੋ ਜਾਂਦਾ ਹੈ, ਜਿਸ ਦੀ ਡਿੱਕੀ ਵਿੱਚ ਪੰਜ ਲੱਖ ਰੁਪਏ ਹੁੰਦੇ ਹਨ।

ਦੂਜੀ ਘਟਨਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਦਸੂਹਾ ਵਿੱਚ ਵਾਪਰੀ ਜਿੱਥੇ ਸੀਐਮਐਸ ਕੰਪਨੀ ਦਾ ਕਰਿੰਦਾ ਬੈਂਕ ਵਿੱਚ ਪੰਜ ਲੱਖ 71 ਹਜ਼ਾਰ ਰੁਪਏ ਬੈਂਕ ਵਿੱਚ ਜਮ੍ਹਾ ਕਰਵਾਉਣ ਜਾ ਰਿਹਾ ਸੀ। ਕੰਪਨੀ ਦੇ ਕਰਮਚਾਰੀ ਸੁਖਦੀਪ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਮੈਕਡੋਨਾਲਡ ਨੇੜੇ ਪਲਸਰ ਮੋਟਰਸਾਈਕਲ ਸਵਾਰ ਤਿੰਨ ਨਕਾਬਪੋਸ਼ਾਂ ਨੇ ਪਿੱਛੇ ਤੋਂ ਟੱਕਰ ਮਾਰੀ, ਜਿਸ ਕਾਰਨ ਉਹ ਡਿੱਗ ਪਿਆ। ਇੱਕ ਲੁਟੇਰੇ ਨੇ ਉਸ 'ਤੇ ਗੋਲ਼ੀ ਚਲਾ ਦਿੱਤੀ ਅਤੇ ਪੈਸਿਆਂ ਦਾ ਬੈਗ਼ ਚੁੱਕ ਕੇ ਫਰਾਰ ਹੋ ਗਏ। ਸੁਖਦੀਪ ਸਿੰਘ ਦੀ ਹਾਲਤ ਖ਼ਤਰੇ 'ਚੋਂ ਬਾਹਰ ਹੈ। ਪੁਲਿਸ ਮਾਮਲਿਆਂ ਦੀ ਪੜਤਾਲ ਕਰ ਰਹੀ ਹੈ।