ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਬੇਅਦਬੀ ਅਤੇ ਗੋਲ਼ੀਕਾਂਡ ਦੀ ਪੜਤਾਲ ਲਈ ਬਣੀ ਵਿਸ਼ੇਸ਼ ਜਾਂਚ ਟੀਮ ਸਨਮੁਖ ਪੇਸ਼ ਹੋਣ ਲਈ ਹਾਮੀ ਭਰ ਦਿੱਤੀ ਹੈ। ਅਕਸ਼ੇ ਕੁਮਾਰ ਤੋਂ ਬਾਅਦ ਹੁਣ ਸੁਖਬੀਰ ਬਾਦਲ ਨੇ ਵੀ ਡੇਰਾ ਸਿਰਸਾ ਮੁਖੀ ਨਾਲ ਮੁੰਬਈ ਵਿੱਚ ਹੋਈ ਕਥਿਤ ਬੈਠਕ ਤੋਂ ਇਨਕਾਰ ਕੀਤਾ ਹੈ।

ਸੁਖਬੀਰ ਬਾਦਲ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਪੰਜਾਬ ਪੁਲਿਸ ਦੀ ਜ਼ੈੱਡ ਪਲੱਸ ਸ਼੍ਰੇਣੀ ਦੀ ਸੁਰੱਖਿਆ ਮਿਲੀ ਹੋਈ ਹੈ ਤੇ ਜਿੱਥੇ ਵੀ ਉਹ ਜਾਂਦੇ ਹਨ ਸਕਿਓਰਿਟੀ ਨਾਲ ਰਹਿੰਦੀ ਹੈ, ਜਿਸ ਦਾ ਰਿਕਾਰਡ ਪੰਜਾਬ ਪੁਲਿਸ ਕੋਲ ਹਰ ਵੇਲੇ ਰਹਿੰਦਾ ਹੈ। ਉਹ ਭਾਵੇਂ ਮਹਾਂਰਾਸ਼ਟਰ ਜਾਣ ਜਾਂ ਕਿਤੇ ਹੋਰ ਇਸਦਾ ਰਿਕਾਰਡ ਪੰਜਾਬ ਸਰਕਾਰ ਜਦੋਂ ਮਰਜ਼ੀ ਕਢਵਾ ਸਕਦੀ ਹੈ।

ਸੁਖਬੀਰ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਐਸਆਈਟੀ ਵੱਲੋਂ ਸੰਮਨ ਕੀਤੇ ਜਾਣ ਦਾ ਮੁਤਵਾਜ਼ੀ ਜਥੇਦਾਰਾਂ ਵੱਲੋਂ ਸਵਾਗਤ ਕੀਤੇ ਜਾਣ 'ਤੇ ਸੁਖਬੀਰ ਬਾਦਲ ਨੇ ਕਿਹਾ ਕਿ ਉਹ ਸਿਆਸਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਜਿੱਥੇ ਮਰਜ਼ੀ ਬੁਲਾ ਲਓ, ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਪਰ ਬੇਅਦਬੀ ਦੇ ਅਸਲ ਦੋਸ਼ੀ ਫੜੇ ਜਾਣੇ ਚਾਹੀਦੇ ਹਨ।

ਬਾਗ਼ੀ ਟਕਸਾਲੀਆਂ ਦੀ ਛਾਂਟੀ ਕਰਨ ਤੋਂ ਬਾਅਦ ਬਾਦਲ ਨੇ ਅੱਜ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਵੀ ਸੰਬੋਧਨ ਕੀਤਾ। ਭਲਕੇ ਐਸਜੀਪੀਸੀ ਦਾ ਜਨਰਲ ਇਜਲਾਸ ਹੈ, ਜਿਸ ਦੌਰਾਨ ਕਮੇਟੀ ਦੇ ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਦੀ ਚੋਣ ਵੀ ਕੀਤੀ ਜਾਣੀ ਹੈ।

ਇਜਲਾਸ ਤੋਂ ਇੱਕ ਸ਼ਾਮ ਪਹਿਲਾਂ ਸੁਖਬੀਰ ਬਾਦਲ ਦੀ ਕਮੇਟੀ ਮੈਂਬਰਾਂ ਨਾਲ ਵੀ ਗੱਲਬਾਤ ਨੂੰ 'ਲਿਫ਼ਾਫ਼ੇ 'ਚੋਂ ਅਹੁਦੇਦਾਰੀਆਂ' ਨਿੱਕਲਣ ਦੀਆਂ ਅਫ਼ਵਾਹਾਂ ਦਾ ਖੰਡਨ ਕਰਦਿਆਂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਐਸਜੀਪੀਸੀ ਦੀ ਚੋਣ ਲੋਕਤੰਤਰਿਕ ਤਰੀਕੇ ਨਾਲ ਹੀ ਕੀਤੀ ਜਾਂਦੀ ਹੈ।