ਜਲੰਧਰ: ਮਕਸੂਦਾਂ ਥਾਣੇ ਵਿੱਚ ਧਮਾਕੇ ਕਰਨ ਦੇ ਇਲਜ਼ਾਮਾਂ ਵਿੱਚ ਗ੍ਰਿਫਤਾਰ ਦੋ ਕਸ਼ਮੀਰੀ ਵਿਦਿਆਰਥੀਆਂ ਤੋਂ ਅਜੇ ਤੱਕ ਪੁਲਿਸ ਦੇ ਹੱਥ ਪੱਲੇ ਕੁਝ ਨਹੀਂ ਲੱਗਾ। ਇਨ੍ਹਾਂ ਨੂੰ ਪੁਲਿਸ ਨੇ ਅੱਜ ਕੋਰਟ ਵਿੱਚ ਪੇਸ਼ ਕੀਤਾ। ਪੁਲਿਸ ਦੀ ਮੰਗ 'ਤੇ ਕੋਰਟ ਨੇ ਵਿਦਿਆਰਥੀਆਂ ਦਾ ਦੋ ਦਿਨਾਂ ਰਿਮਾਂਡ ਹੋਰ ਵਧਾ ਦਿੱਤਾ।
ਪੰਜਾਬ ਪੁਲਿਸ ਫਿਲਹਾਲ ਇਹ ਨਹੀਂ ਪਤਾ ਕਰ ਸਕੀ ਕਿ ਜ਼ਾਕਿਰ ਮੂਸਾ ਦੀ ਜਥੇਬੰਦੀ ਅੰਸਾਰ ਗਜ਼ਵਤ ਉਲ ਹਿੰਦ ਦਾ ਖਾਲਿਸਤਾਨ ਸਮੱਰਥਕਾਂ ਨਾਲ ਕੋਈ ਕਨੈਕਸ਼ਨ ਹੈ ਜਾਂ ਨਹੀਂ। ਪੁਲਿਸ ਨੂੰ ਕਸ਼ਮੀਰੀ ਵਿਦਿਆਰਥੀਆਂ ਵੱਲੋਂ ਥਾਣੇ ਵਿੱਚ ਧਮਾਕੇ ਕਰਨ ਦਾ ਕੋਈ ਕਾਰਨ ਅਜੇ ਤੱਕ ਨਹੀਂ ਪਤਾ ਲੱਗਿਆ। ਕੋਰਟ ਵਿੱਚ ਪੇਸ਼ੀ ਦੌਰਾਨ ਵਿਦਿਆਰਥੀਆਂ ਨੇ ਮੀਡੀਆ ਦੇ ਕਿਸੇ ਸਵਾਲ ਦਾ ਜਵਾਬ ਨਹੀਂ ਦਿੱਤਾ ਤੇ ਚੁੱਪਚਾਪ ਗੱਡੀ ਵਿੱਚ ਬੈਠ ਕੇ ਚਲੇ ਗਏ।
ਪੰਜ ਨਵੰਬਰ ਨੂੰ ਪੁਲਿਸ ਨੇ ਮਕਸੂਦਾਂ ਥਾਣੇ ਵਿੱਚ ਹੋਏ ਧਮਾਕੇ ਕਸ਼ਮੀਰੀ ਵਿਦਿਆਰਥੀਆਂ ਵੱਲੋਂ ਕੀਤੇ ਜਾਣ ਦਾ ਖੁਲਾਸਾ ਕੀਤਾ ਸੀ। ਪੁਲਿਸ ਦੀ ਹੁਣ ਤੱਕ ਦੀ ਜਾਂਚ ਵਿੱਚ ਖਾਲਿਸਤਾਨ ਸਮੱਰਥਕਾਂ ਤੇ ਅੰਸਾਰ ਗਜ਼ਵਤ ਉਲ ਹਿੰਦ ਦਾ ਕੋਈ ਕਨੈਕਸ਼ਨ ਵੀ ਸਾਹਮਣੇ ਨਹੀਂ ਆਇਆ।