Punjab Politics: ਪਾਰਲੀਮੈਂਟ ਵਿੱਚ ਪੰਜਾਬ ਦੇ ਸੰਸਦ ਮੈਂਬਰਾਂ ਨੇ ਸਹੁੰ ਚੁੱਕ ਲਈ ਹੈ ਪਰ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਜਿੱਤੇ ਭਾਈ ਅੰਮ੍ਰਿਤਪਾਲ ਸਿੰਘ ਸਹੁੰ ਨਹੀਂ ਚੁੱਕ ਸਕੇ। ਅਹਿਮ ਗੱਲ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਸਹੁੰ ਚੁੱਕਣ ਲਈ ਆਵਾਜ਼ ਮਾਰੀ ਗਈ ਪਰ ਉਹ ਨਹੀਂ ਪਹੁੰਚ ਸਕੇ ਕਿਉਂਕਿ ਉਹ ਜੇਲ੍ਹ ਵਿੱਚ ਬੰਦ ਹਨ। ਇਸ ਤੋਂ ਬਾਅਦ ਹੁਣ ਸੋਸ਼ਲ ਮੀਡੀਆ ਉੱਤੇ ਇੱਕ ਚਿੱਠੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਨੇ ਸਪੀਕਰ ਨੂੰ ਚਿੱਠੀ ਲਿਖ ਕੇ ਬੇਨਤੀ ਕੀਤੀ ਹੈ। ਹਾਲਾਂਕਿ ਹੁਣ ਅੰਮ੍ਰਿਤਪਾਲ ਸਿੰਘ ਦੇ ਸੋਸ਼ਲ ਮੀਡੀਆ ਖਾਤੇ ਤੋਂ ਇਸ ਚਿੱਠੀ ਨੂੰ ਗ਼ਲਤ ਦੱਸਿਆ ਗਿਆ ਹੈ।

ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਸੋਸ਼ਲ ਮੀਡੀਆ ਉੱਤੇ ਲਿਖਿਆ ਗਿਆ ਹੈ ਕਿ, ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਨਾਮ ਹੇਠ ਇੱਕ ਨਕਲੀ ਪੱਤਰ ਸੋਸ਼ਲ ਮੀਡੀਆ 'ਤੇ ਵੰਡਿਆ ਜਾ ਰਿਹਾ ਜਿਸ ਵਿੱਚ ਸਪੀਕਰ ਨੂੰ ਭਾਈ ਅੰਮ੍ਰਿਤਪਾਲ ਸਿੰਘ ਨੂੰ ਦਿੱਲੀ ਲਿਆ ਸੌਂਹ ਚੁਕਵਾਏ ਜਾਣ ਦੀ ਬੇਨਤੀ ਕੀਤੀ ਗਈ ਹੈ। ਸਿੱਖ ਸੰਗਤ ਇਸ ਝੂਠ ਤੋਂ ਅਗਾਹ ਰਹੇ ਕਿ ਐਸਾ ਕੋਈ ਵੀ ਪੱਤਰ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਕਿਸੇ ਨੂੰ ਨਹੀ ਲਿਖਿਆ ਗਿਆ। 

ਇਹ ਝੂਠਾ ਪੱਤਰ ਵੀ ਪਿਛਲੇ ਡੇਢ ਸਾਲ ਤੋਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਕਿਰਦਾਰ ਨੂੰ ਢਾਹ ਲਾਓਣ ਦੇ ਮਾੜੇ ਇਰਾਦਿਆਂ ਦੀ ਅਗਲੀ ਕੜੀ ਹੈ। ਸਮਾਂ ਆਓਣ ਤੇ ਅਜਿਹੀਆਂ ਮਾੜੀਆਂ ਕਾਰਵਾਈਆਂ ਲਈ ਜ਼ਿੰਮੇਵਾਰ ਵਿਅਕਤੀਆਂ ਦੇ ਨਾਮ ਸਿੱਖ ਸੰਗਤ ਸਾਹਮਣੇ ਰੱਖੇ ਜਾਣਗੇ।

ਦਰਅਸਲ ਭਾਈ ਅੰਮ੍ਰਿਤਪਾਲ ਸਿੰਘ ਦੀ ਗੱਲ ਕਰੀਏ ਤਾਂ ਉਹ ਮਾਰਚ 2023 ਤੋਂ ਐਨਐਸਏ ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ। ਯਾਦ ਰਹੇ NSA ਇੱਕ ਸਖਤ ਕਾਨੂੰਨ ਹੈ ਜੋ ਸਰਕਾਰ ਨੂੰ ਰਸਮੀ ਦੋਸ਼ਾਂ ਤੋਂ ਬਿਨਾਂ ਹੀ ਵਿਅਕਤੀਆਂ ਨੂੰ 12 ਮਹੀਨਿਆਂ ਤੱਕ ਨਜ਼ਰਬੰਦ ਕਰਨ ਦੀ ਇਜਾਜ਼ਤ ਦਿੰਦਾ ਹੈ ਪਰ ਹੁਣ ਅੰਮ੍ਰਿਤਪਾਲ ਸਿੰਘ ਨੂੰ ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਤੇ ਸਰਕਾਰ ਦੂਜੀ ਵਾਰ ਐਨਐਸਏ ਵਿੱਚ ਵਾਧਾ ਕਰ ਚੁੱਕੀ ਹੈ।