ਅੰਮ੍ਰਿਤਸਰ: ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਲਾਏ ਗਏ ਪੰਘੂੜੇ ਵਿੱਚ ਕੋਈ ਵਿਅਕਤੀ ਦੋ ਦਿਨਾਂ ਦੀ ਨਵਜਾਤ ਬੱਚੀ ਨੂੰ ਛੱਡ ਗਿਆ। ਪੰਘੂੜੇ ਵਿੱਚੋਂ ਮਿਲੀ ਬੱਚੀ ਦੀ ਇੱਕ ਹੀ ਬਾਂਹ ਹੈ ਤੇ ਦੂਜੇ ਹੱਥ ਦੀਆਂ ਵੀ ਸਿਰਫ ਦੋ ਹੀ ਉਂਗਲਾਂ ਹਨ। ਬੱਚੀ ਮਿਲਣ ਤੋਂ ਬਾਅਦ ਉਸ ਦਾ ਤੁਰੰਤ ਮੈਡੀਕਲ ਕਰਵਾਇਆ ਗਿਆ ਤੇ ਬੱਚੀ ਹੁਣ ਬਿਲਕੁਲ ਤੰਦਰੁਸਤ ਹੈ।     ਰੈੱਡ ਕਰਾਸ ਭਵਨ ਵਿੱਚ ਮੌਜੂਦ ਅਧਿਕਾਰੀਆਂ ਨੇ ਦੱਸਿਆ ਕਿ ਦੋ-ਤਿੰਨ ਦਿਨ ਪਹਿਲਾਂ ਰਾਤ ਦੇ ਕਰੀਬ 1 ਵਜੇ ਕੋਈ ਅਣਜਾਣ ਵਿਅਕਤੀ ਬੱਚੀ ਨੂੰ ਪੰਘੂੜੇ ਵਿੱਚ ਛੱਡ ਕੇ ਚਲਾ ਗਿਆ। ਜਦੋਂ ਬੱਚੀ ਨੂੰ ਪੰਘੂੜੇ ਵਿੱਚੋਂ ਕੱਢਿਆ ਗਿਆ ਤਾਂ ਉਸ ਦੀ ਇੱਕ ਹੀ ਬਾਂਹ ਸੀ ਜਦਕਿ ਦੂਸਰੀ ਬਾਂਹ ਦੇ ਹੱਥ ਨਾਲ ਦੋ ਹੀ ਉਂਗਲੀਆਂ ਸਨ। ਬੱਚੀ ਦੀ ਡਾਕਟਰੀ ਜਾਂਚ ਕਰਵਾਉਣ ਮਗਰੋਂ ਬੱਚੀ ਦਾ ਪਾਲਣ-ਪੋਸ਼ਣ ਰੈੱਡ ਕਰਾਸ ਸੁਸਾਇਟੀ ਵੱਲੋਂ ਹੀ ਕੀਤਾ ਜਾ ਰਿਹਾ ਹੈ।   ਇਸ ਬੱਚੀ ਦੇ ਪੰਘੂੜੇ ਵਿੱਚ ਆਉਣ ਤੋਂ ਬਾਅਦ ਹੁਣ ਤੱਕ ਪੰਘੂੜੇ ਵਿੱਚ ਮਿਲੇ ਬੱਚਿਆਂ ਦੀ ਗਿਣਤੀ 136 ਹੋ ਗਈ ਹੈ। ਇਨ੍ਹਾਂ ਵਿੱਚੋਂ 116 ਲੜਕੀਆਂ ਹਨ ਤੇ 20 ਲੜਕੇ। ਇਹ ਸਕੀਮ 2008 ਵਿੱਚ ਸ਼ੁਰੂ ਕੀਤੀ ਗਈ ਸੀ ਜਿਸ ਤਹਿਤ ਰੈੱਡ ਕਰਾਸ ਦਫਤਰ ਦੇ ਬਾਹਰ ਇੱਕ "ਪੰਘੂੜਾ" ਸਥਾਪਤ ਕੀਤਾ ਗਿਆ ਹੈ। ਕੋਈ ਲਾਵਾਰਿਸ ਤੇ ਪਾਲਣ ਪੋਸ਼ਣ ਤੋਂ ਅਸਮਰੱਥ ਮਾਪੇ ਜਾਂ ਫਿਰ ਅਣਚਾਹੇ ਬੱਚੇ ਨੂੰ ਇਸ ਪੰਘੂੜੇ ਵਿੱਚ ਰੱਖ ਸਕਦਾ ਹੈ। ਪੰਘੂੜੇ ਵਿੱਚ ਬੱਚਿਆਂ ਨੂੰ ਸਹੀ ਸਿਹਤ ਸਹੂਲਤਾਂ ਦਿੱਤੇ ਜਾਣ ਤੋਂ ਬਾਅਦ ਸਰਕਾਰ ਵੱਲੋਂ ਬਣਾਈ ਗਈ ਨੀਤੀ ਤਹਿਤ ਸਾਰੀਆਂ ਕਾਨੂੰਨੀ ਪ੍ਰਕਿਰਿਆ ਕਾਰਨ ਤੋਂ ਬਾਅਦ ਇਹ ਬੱਚੇ ਲੋੜਵੰਦ ਮਾਪਿਆਂ ਨੂੰ ਦੇ ਦਿੱਤੇ ਜਾਂਦੇ ਹਨ।