ਅੰਮ੍ਰਿਤਸਰ: ਬੰਦੀ ਛੋੜ ਦਿਵਸ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਅੱਜ ਵੀ ਨਿਹੰਗ ਸਿੰਘਾਂ ਵੱਲੋਂ ਅੰਮ੍ਰਿਤਸਰ ਵਿੱਚ ਮੁਹੱਲਾ (ਨਗਰ ਕੀਰਤਨ) ਸਜਾਇਆ ਗਿਆ। ਸਮੂਹ ਨਿਹੰਗ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਬਾਬਾ ਬੁੱਢਾ ਦਲ ਦੇ ਮੁਖੀ ਸੰਤ ਬਾਬਾ ਬਲਬੀਰ ਸਿੰਘ ਦੀ ਅਗਵਾਈ ਹੇਠ ਰਿਵਾਇਤੀ ਮਹੱਲਾ ਬੁਰਜ ਬਾਬਾ ਫੂਲਾ ਸਿੰਘ ਤੋਂ ਆਰੰਭ ਹੋਇਆ ਤੇ ਸ਼ਾਮ ਨੂੰ ਉੱਥੇ ਹੀ ਆ ਕੇ ਸਮਾਪਤ ਹੋਇਆ।


ਜੈਕਾਰਿਆਂ ਦੀ ਗੂੰਜ ਵਿੱਚ ਸ਼ੁਰੂ ਹੋਏ ਮਹੱਲੇ ਵਿੱਚ ਸ਼ਾਮਲ ਨਿਹੰਗ ਸਿੰਘਾਂ ਨੇ ਰੇਲਵੇ ਕਲੋਨੀ ਦੇ ਮੈਦਾਨ ਵਿਖੇ ਪੁੱਜਣ ਤੋਂ ਬਾਅਦ ਘੁੜਸਵਾਰੀ ਤੋਂ ਇਲਾਵਾ ਗਤਕੇ ਦੇ ਵੀ ਜੌਹਰ ਦਿਖਾਏ। ਇਸ ਨਗਰ ਕੀਰਤਨ ਚ ਸ਼ਾਮਲ ਹਾਥੀ ਘੋੜਿਆਂ ਤੋਂ ਇਲਾਵਾ ਨੀਲੇ ਤੇ ਕੇਸਰੀ ਬਾਣਿਆਂ ਵਿੱਚ ਸੱਜੇ ਨਿਹੰਗ ਸਿੰਘ ਲੋਕਾਂ ਦੀ ਖਿੱਚ ਦਾ ਕੇਂਦਰ ਸਨ।

ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਵੱਲੋਂ ਅਰੰਭੀ ਗਈ ਸਿੱਖ ਮਾਰਸ਼ਲ ਆਰਟ ਦੀ ਪ੍ਰਥਾ ਗਤਕੇਬਾਜ਼ੀ ਤੇ ਨੇਜ਼ੇਬਾਜ਼ੀ ਤੋਂ ਇਲਾਵਾ ਦੋ ਘੋੜਿਆਂ ਦੀ ਸਵਾਰੀ ਤੇ 4-4 ਘੋੜਿਆਂ 'ਤੇ ਸਵਾਰ ਹੋਏ ਨਿਹੰਗ ਸਿੰਘਾਂ ਵੱਲੋਂ ਦਿਖਾਏ ਗਏ ਜੌਹਰ ਸੱਚਮੁੱਚ ਕਾਬਿਲੇ ਤਾਰੀਫ ਸਨ। ਇਸ ਮੌਕੇ ਬਾਬਾ ਬਲਬੀਰ ਸਿੰਘ ਨੇ ਸਮੁੱਚੀ ਕੌਮ ਨੂੰ ਬੰਦੀ ਛੋੜ ਦਿਵਸ ਦੀ ਵਧਾਈ ਦਿੱਤੀ ਤੇ ਨੌਜਵਾਨਾਂ ਨੂੰ ਨਸ਼ੇ ਤੇ ਪਤਿਤਪੁਣੇ ਤੋਂ ਦੂਰ ਰਿਹਾ ਕੇ ਬਾਣੀ ਅਤੇ ਬਣੇ ਨਾਲ ਜੁੜਨ ਦਾ ਸੰਦੇਸ਼ ਦਿੱਤਾ।