ਅੰਮ੍ਰਿਤਸਰ: 1984 ਵਿੱਚ ਭਾਰਤੀ ਫੌਜ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਕੀਤੇ ਹਮਲੇ ਦੀ ਵਰ੍ਹੇਗੰਢ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ। ਸੁਰੱਖਿਆ ਪ੍ਰਬੰਧ ਮਜ਼ਬੂਤ ਕਰ ਦਿੱਤੇ ਗਏ ਹਨ। ਦੂਜੇ ਪਾਸੇ ਸਿੱਖ ਜਥੇਬੰਦੀਆਂ ਵੀ ਆਪਣੇ ਕਾਰਕੁਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਭੜਕਾਹਟ ਵਾਲੀ ਕਾਰਵਾਈ ਨਾ ਕਰਨ ਦੀ ਨਸੀਹਤ ਦੇ ਰਹੀਆਂ ਹਨ। ਇਸ ਵਾਰ ਵੱਖ-ਵੱਖ ਧਿਰਾਂ ਵੱਲੋਂ ਕਈ ਪ੍ਰੋਗਰਾਮ ਉਲੀਕੇ ਗਏ ਹਨ। ਇਸ ਵਿੱਚ ਰੋਸ ਮਾਰਚ, ਬੰਦ ਤੇ ਅਰਦਾਸ ਸਮਾਗਮ ਸ਼ਾਮਲ ਹਨ।

ਸਿੱਖ ਜਥੇਬੰਦੀ ਦਲ ਖ਼ਾਲਸਾ ਨੇ ਘੱਲੂਘਾਰਾ ਹਫ਼ਤੇ ਦੌਰਾਨ ਪੰਜ ਜੂਨ ਨੂੰ ਘੱਲੂਘਾਰਾ ਯਾਦਗਾਰੀ ਮਾਰਚ ਕੱਢਣ ਤੇ ਛੇ ਜੂਨ ਨੂੰ ਅੰਮ੍ਰਿਤਸਰ ਬੰਦ ਦੇ ਦਿੱਤੇ ਸੱਦੇ ਤਹਿਤ ਇਸ ਸਬੰਧੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪਾਰਟੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਦੱਸਿਆ ਕਿ ਦਲ ਖ਼ਾਲਸਾ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਾਂਝੇ ਤੌਰ ‘ਤੇ ਪੰਜ ਜੂਨ ਦੀ ਸ਼ਾਮ ਨੂੰ ਘੱਲੂਘਾਰਾ ਯਾਦਗਾਰੀ ਮਾਰਚ ਕੱਢਿਆ ਜਾਵੇਗਾ।

ਉਨ੍ਹਾਂ ਦੱਸਿਆ ਕਿ ਇਹ ਮਾਰਚ ਰਣਜੀਤ ਐਵੇਨਿਊ ਬੀ ਬਲਾਕ ਸਥਿਤ ਗੁਰਦੁਆਰਾ ਛੇਵੀਂ ਪਾਤਸ਼ਾਹੀ ਤੋਂ ਆਰੰਭ ਹੋ ਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਲੰਘਦਾ ਹੋਇਆ ਦੇਰ ਸ਼ਾਮ ਨੂੰ ਅਕਾਲ ਤਖ਼ਤ ਪੁੱਜ ਕੇ ਸਮਾਪਤ ਹੋਵੇਗਾ, ਜਿੱਥੇ ਸਮੂਹ ਸ਼ਹੀਦਾਂ ਦੀ ਯਾਦ ’ਚ ਅਰਦਾਸ ਕੀਤੀ ਜਾਵੇਗੀ। ਅਗਲੇ ਦਿਨ ਛੇ ਜੂਨ ਨੂੰ ਅੰਮ੍ਰਿਤਸਰ ਬੰਦ ਦਾ ਸੱਦਾ ਦਿੱਤਾ ਗਿਆ ਹੈ।

ਉਨ੍ਹਾਂ ਅੰਮ੍ਰਿਤਸਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਸਿੱਖਾਂ ਦੀ ਇਸ ਪੀੜ ਨੂੰ ਮਹਿਸੂਸ ਕਰਦਿਆਂ ਆਪੋ-ਆਪਣੇ ਕਾਰੋਬਾਰ ਬੰਦ ਰੱਖ ਕੇ ਸਹਿਯੋਗ ਦਿੱਤਾ ਜਾਵੇ। ਇਸ ਸਬੰਧੀ ਦਲ ਖ਼ਾਲਸਾ ਦੇ ਕਾਰਕੁਨਾਂ ਵੱਲੋਂ ਬੀਤੇ ਕੱਲ੍ਹ ਤੋਂ ਹੀ ਸ਼ਹਿਰ ਵਿੱਚ ਵਪਾਰੀਆਂ, ਦੁਕਾਨਦਾਰਾਂ ਤੇ ਹੋਰ ਕਾਰੋਬਾਰੀਆਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਬੰਦ ਵਿੱਚ ਸਹਿਯੋਗ ਦੇਣ ਦੀ ਅਪੀਲ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ।

ਇਸ ਦੌਰਾਨ ਸ਼ਹਿਰ ਵਿਚ 6 ਜੂਨ ਦੇ ਬੰਦ ਸਬੰਧੀ ਪੋਸਟਰ ਤੇ ਸਟਿੱਕਰ ਵੀ ਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਥੇਬੰਦੀ ਨੇ ਸਿਰਫ਼ ਬੰਦ ਦੀ ਅਪੀਲ ਕੀਤੀ ਹੈ ਪਰ ਛੇ ਜੂਨ ਨੂੰ ਦੁਕਾਨਾਂ ਜਾਂ ਕਾਰੋਬਾਰ ਜਬਰੀ ਬੰਦ ਕਰਾਉਣ ਦਾ ਕੋਈ ਇਰਾਦਾ ਨਹੀਂ। ਉਨ੍ਹਾਂ ਆਖਿਆ ਕਿ ਪਿਛਲੇ ਸਾਲ ਦਲ ਖ਼ਾਲਸਾ ਦੇ ਨਾਂ ’ਤੇ ਕੁਝ ਸਿੱਖ ਕਾਰਕੁਨਾਂ ਵੱਲੋਂ ਜਬਰੀ ਦੁਕਾਨਾਂ ਤੇ ਕਾਰੋਬਾਰ ਬੰਦ ਕਰਾਉਣ ਤੇ ਯਤਨ ਕੀਤੇ ਗਏ ਸਨ, ਪਰ ਇਸ ਵਿੱਚ ਜਥੇਬੰਦੀ ਦਾ ਕੋਈ ਕਾਰਕੁਨ ਸ਼ਾਮਲ ਨਹੀਂ ਸੀ। ਉਨ੍ਹਾਂ ਅਪੀਲ ਕੀਤੀ ਕਿ ਕੋਈ ਵੀ ਸ਼ਹਿਰ ਵਾਸੀਆਂ ਨਾਲ ਜ਼ੋਰ ਜਬਰੀ ਨਾ ਕਰੇ। ਇਸ ਦੌਰਾਨ ਪੁਲਿਸ ਨੂੰ ਵੀ ਅਪੀਲ ਕੀਤੀ ਕਿ ਉਹ ਸਿੱਖ ਨੌਜਵਾਨਾਂ ਨੂੰ ਬੇਲੋੜਾ ਹਿਰਾਸਤ ਵਿੱਚ ਲੈਣ ਦਾ ਯਤਨ ਕਰਕੇ ਤਣਾਅ ਵਾਲੀ ਸਥਿਤੀ ਬਣਾਉਣ ਤੋਂ ਗੁਰੇਜ਼ ਕਰੇ।