ਅੰਮ੍ਰਿਤਸਰ: ਇੱਥੋਂ ਦੇ ਸਿਵਲ ਹਸਪਤਾਲ 'ਚ ਐਤਵਾਰ ਸਵੇਰੇ ਚਾਰ ਵਜੇ ਮੈਡੀਕਲ ਲੀਗਲ ਰਿਪੋਰਟ ਕਰਵਾਉਣ ਆਏ ਦੋ ਧਿਰਾਂ ਦੀ ਝੜਪ ਹੋ ਗਈ। ਇਸ ਦੌਰਾਨ ਇਕ ਧਿਰ ਦੇ ਵਿਅਕਤੀ ਨੇ ਦੂਜੇ ਪੱਖ 'ਤੇ ਗੋਲ਼ੀ ਚਲਾ ਦਿੱਤੀ। ਇੱਕ ਗੋਲ਼ੀ ਹਸਪਤਾਲ 'ਚ ਕੰਮ ਕਰ ਰਹੇ ਐਮਰਜੈਂਸੀ ਮੈਡੀਕਲ ਅਫਸਰ ਭਵਨੀਤ ਸਿੰਘ ਨੂੰ ਲੱਗੀ। ਭਵਨੀਤ ਸਿੰਘ ਨੂੰ ਤਤਕਾਲ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਪੁਲਿਸ ਨੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਡਾਕਟਰ ਹਰਪ੍ਰੀਤ ਮੁਤਾਬਕ ਦੇਰ ਰਾਤ ਦੋ ਧਿਰਾਂ ਝਗੜੇ ਤੋਂ ਬਾਅਦ ਸਿਵਲ ਹਸਪਤਾਲ ਪਹੁੰਚੇ ਤੇ ਡਾਕਟਰ ਨੇ ਇਕ ਪੱਖ ਦੀ ਸੱਟ ਦੇਖ ਕੇ ਉਸ ਨੂੰ ਸਿਵਲ ਹਸਪਤਾਲ ਦਾਖਲ ਕਰ ਲਿਆ। ਇਸ ਤੋਂ ਬਾਅਦ ਦੂਜਾ ਪੱਖ ਗੁੱਸੇ 'ਚ ਆ ਗਿਆ ਤੇ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ 'ਚੋਂ ਇੱਕ ਗੋਲ਼ੀ ਡਾਕਟਰ ਦੀ ਲੱਤ 'ਤੇ ਲੱਗੀ ਤੇ ਦੋਸ਼ੀ ਫਰਾਰ ਹੋ ਗਏ।
ਡਾਕਟਰ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।