ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਵਾਇਰਸ ਨੇ ਇਕ ਵਾਰ ਫਿਰ ਤੋਂ ਮਾਹੌਲ ਗਰਮਾ ਦਿੱਤਾ ਹੈ। ਕਰੀਬ ਇਕ ਸਾਲ ਬਾਅਦ ਉਸੇ ਤਰ੍ਹਾਂ ਦੇ ਹਾਲਾਤ ਮੁੜ ਤੋਂ ਬਣਨ ਲੱਗੇ ਹਨ।  ਅਜਿਹੇ 'ਚ ਸੂਬਾ ਸਰਕਾਰ ਕੋਰੋਨਾ ਦੀ ਰੋਕਥਾਮ ਲਈ ਸਖਤ ਕਦਮ ਚੁੱਕ ਰਹੀ ਹੈ। ਪੰਜਾਬ ਸਰਕਾਰ ਨੇ ਸਕੂਲਾਂ ਤੋਂ ਬਾਅਦ ਹੁਣ ਸਾਰੇ ਆਂਗਨਵਾੜੀ ਕੇਂਦਰ ਵੀ ਬੰਦ ਕਰਨ ਦੇ ਹੁਕਮ ਦਿੱਤੇ ਹਨ।


ਇਕੱਲੇ ਸ਼ਨੀਵਾਰ ਪੰਜਾਬ 'ਚ ਇਕ ਹੀ ਦਿਨ 'ਚ ਕੋਰੋਨਾ ਦੇ 1515 ਨਵੇਂ ਮਾਮਲੇ ਸਾਹਮਣੇ ਆਏ ਤੇ 22 ਲੋਕਾਂ ਦੀ ਮੌਤ ਹੋ ਗਈ। ਹੁਣ ਤੱਕ ਪੰਜਾਬ 'ਚ 10916 ਐਕਟਿਵ ਕੇਸ ਹਨ। ਉਧਰ ਚੰਡੀਗੜ੍ਹ 'ਚ 144 ਨਵੇਂ ਕੇਸ ਸਾਹਮਣੇ ਆਏ ਹਨ।


ਪਹਿਲਾਂ ਪੰਜਾਬ ਵਿੱਚ ਵੱਧਦੇ ਕੋਰੋਨਾ ਕੇਸਾਂ ਨੂੰ ਵੇਖਦੇ ਹੋਏ ਸਾਰੇ ਸਕੂਲ ਪ੍ਰੀ ਨਰਸਰੀ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਬੰਦ ਕਰ ਦਿੱਤੇ ਗਏ ਹਨ। ਪੰਜਾਬ ਸਰਕਾਰ ਨੇ ਸੂਬੇ 'ਚ ਕੋਰੋਨਾ ਦੀ ਸਥਿਤੀ ਕਾਰਨ ਇਹ ਫੈਸਲਾ ਲਿਆ ਹੈ। ਸੂਬੇ ਦੇ ਸਿਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਿਰਫ ਅਧਿਆਪਕ ਹੀ ਸਕੂਲ ਆਉਣਗੇ। ਨਾਲ ਹੀ ਜੇਕਰ ਪ੍ਰੀਖਿਆ ਨਾਲ ਸਬੰਧਤ ਕੋਈ ਸਮੱਸਿਆ ਆਉਂਦੀ ਹੈ ਤਾਂ ਬੱਚੇ ਅਧਿਆਪਕ ਕੋਲ ਸਕੂਲ ਆ ਸਕਦੇ ਹਨ। ਇਸ ਤੋਂ ਬਾਅਦ ਹੁਣ ਆਂਗਣਵਾੜੀ ਕੇਂਦਰ ਵੀ ਬੰਦ ਕਰ ਦਿੱਤੇ ਗਏ ਹਨ।


ਪੰਜਾਬ 'ਚ ਆਂਗਨਵਾੜੀ ਕੇਂਦਰ ਬੰਦ ਕਰਨ ਦੇ ਮਾਮਲੇ 'ਚ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਅਰੁਣਾ ਚੌਧਰੀ ਨੇ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਇਹ ਕਦਮ ਚੁੱਕਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬੇਸ਼ੱਕ ਆਂਗਨਵਾੜੀ ਕੇਂਦਰ ਬੰਦ ਕੀਤੇ ਜਾ ਰਹੇ ਹਨ ਪਰ ਬੱਚਿਆਂ ਤੇ ਹੋਰ ਲਾਭਪਾਤਰੀਆਂ ਨੂੰ ਰਾਸ਼ਨ ਤੇ ਹੋਰ ਸਮੱਗਰੀ ਆਂਗਨਵਾੜੀ ਵਰਕਰਾਂ ਵੱਲੋਂ ਘਰ-ਘਰ ਵੰਡੀ ਜਾਵੇਗੀ।


ਓਧਰ ਕੋਰੋਨਾ ਨੂੰ ਦੇਖਦਿਆਂ ਜ਼ਿਲ੍ਹਾ ਫਾਜ਼ਿਲਕਾ 'ਚ ਵੀ ਨਾਈਟ ਕਰਫਿਊ ਲਾ ਦਿੱਤਾ ਗਿਆ ਹੈ। ਇਸ ਤੋਂ ਬਾਅਦ ਪੰਜਾਬ ਦੇ ਕੁੱਲ 9 ਜ਼ਿਲ੍ਹੇ ਅਜਿਹੇ ਬਣ ਗਏ ਹਨ ਜਿੱਥੇ ਰਾਤ ਦਾ ਕਰਫਿਊ ਲਾਗੂ ਹੋਵੇ। ਕੋਰੋਨਾ ਵੈਕਸੀਨ ਦੀ ਸ਼ੁਰੂਆਤ ਦੇ ਬਾਵਜੂਦ ਦੇਸ਼ ਦੇ ਕਈ ਸੂਬਿਆਂ 'ਚ ਵਾਇਰਸ ਨੇ ਮੁੜ ਪੈਰ ਪਸਾਰ ਲਏ ਹਨ।