ਚੰਡੀਗੜ੍ਹ: ਅੰਮ੍ਰਿਤਸਰ ਵਿੱਚ ਅਕਾਲੀ ਲੀਡਰ ਦੀ ਕੋਠੀ ਵਿੱਚ ਚੱਲ ਰਹੀ ਡਰੱਗਜ਼ ਫੈਕਟਰੀ ਦਾ ਮਾਮਲਾ ਸੁਲਝਣ ਦੀ ਥਾਂ ਹੋਰ ਉਲਝਦਾ ਜਾ ਰਿਹਾ ਹੈ। ਇਸ ਮਾਮਲੇ ਨਾਲ ਅਕਾਲੀ ਲੀਡਰਾਂ ਤੋਂ ਇਲਾਵਾ ਕਾਂਗਰਸੀ ਲੀਡਰ ਦੇ ਵੀ ਤਾਰ ਜੁੜ ਚੁੱਕੇ ਹਨ। ਪੁਲਿਸ ਦੀ ਜਾਂਚ ਵੀ ਬੁਝਾਰਤ ਬਣੀ ਹੋਈ ਹੈ। ਤਾਜ਼ਾ ਜਾਣਕਾਰੀ ਮੁਤਾਬਕ ਡਰੱਗਜ਼ ਫੈਕਟਰੀ ਵਾਲੀ ਕੋਠੀ ਨੂੰ ਪੁਲਿਸ ਨੂੰ ਸੀਲ ਕਰ ਦਿੱਤਾ ਸੀ ਪਰ ਉਸ ਦਾ ਦਰਵਾਜ਼ਾ ਖੁੱਲ੍ਹਾ ਮਿਲਣ ਕਰਕੇ ਕਈ ਸਵਾਲ ਖੜ੍ਹੇ ਹੋ ਗਏ ਹਨ।

ਦੱਸ ਦਈਏ ਕਿ ਅੰਮ੍ਰਿਤਸਰ ਦੇ ਸੁਲਤਾਨਵਿੰਡ ਪਿੰਡ ਦੀ ਅਕਾਸ਼ ਐਵੇਨਿਊ ਸਥਿਤ ਅਕਾਲੀ ਆਗੂ ਅਨਵਰ ਮਸੀਹ ਦੀ ਕੋਠੀ ਵਿੱਚੋਂ ਐਸਟੀਐਫ ਨੇ 450 ਕਿੱਲੋ ਨਸ਼ੀਲੇ ਪਦਾਰਥ ਬਰਾਮਦ ਕੀਤੇ ਸਨ। ਪੁਲਿਸ ਨੇ ਕੋਠੀ ਨੂੰ ਸੀਲ ਕਰ ਦਿੱਤਾ ਸੀ। ਮਾਮਲਾ ਇੰਨਾ ਗੰਭੀਰ ਹੋਣ ਦੇ ਬਾਵਜੂਦ ਬੁੱਧਵਾਰ ਸਵੇਰੇ ਲੋਕਾਂ ਨੇ ਕੋਠੀ ਦਾ ਬਾਹਰੀ ਦਰਵਾਜ਼ਾ ਖੁੱਲ੍ਹਾ ਵੇਖਿਆ। ਦਰਵਾਜ਼ੇ ਦਾ ਕੁੰਡਾ ਵੀ ਟੁੱਟਿਆ ਹੋਇਆ ਸੀ, ਜਿਸ ਸਬੰਧੀ ਭੇਤ ਬਰਕਰਾਰ ਹੈ। ਦੂਜੇ ਪਾਸੇ ਪੁਲਿਸ ਨੇ ਇਸ ਸਬੰਧੀ ਅਗਿਆਨਤਾ ਪ੍ਰਗਟਾਈ ਹੈ।

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਲੋਹੇ ਦੇ ਦੋ ਦਰਵਾਜ਼ਿਆਂ ਵਿਚਾਲੇ ਤਾਲਾ ਲਾਉਣ ਵਾਸਤੇ ਬਣੇ ਕੁੰਡੇ ਦਾ ਕੁਝ ਹਿੱਸਾ ਇਸ ਤਰ੍ਹਾਂ ਕੱਟਿਆ ਹੋਇਆ ਹੈ ਕਿ ਜੇ ਦੋਵੇਂ ਦਰਵਾਜ਼ੇ ਬੰਦ ਹੋਣ ਤਾਂ ਦੂਰੋਂ ਤਾਲਾ ਲੱਗਾ ਹੋਇਆ ਮਹਿਸੂਸ ਹੁੰਦਾ ਹੈ। ਦਰਵਾਜ਼ੇ ਨੂੰ ਤਾਲਾ ਵੀ ਲੱਗਾ ਹੋਇਆ ਹੈ, ਜੋ ਬੰਦ ਹੈ ਪਰ ਕੁੰਡੇ ਦਾ ਇੱਕ ਹਿੱਸਾ ਕੱਟਿਆ ਹੋਣ ਕਾਰਨ ਦਰਵਾਜ਼ਾ ਖੁੱਲ੍ਹ ਜਾਂਦਾ ਹੈ।

ਦੂਜੇ ਪਾਸੇ ਵਿਰੋਧੀ ਪਾਰਟੀਆਂ ਇਸ ਨੂੰ ਅਕਾਲੀ ਦਲ ਤੇ ਕਾਂਗਰਸ ਦੀ ਮਿਲੀਭੁਗਤ ਦੱਸ ਰਹੀਆਂ ਹਨ। ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਿਕਰਮ ਸਿੰਘ ਮਜੀਠੀਆ ਦੇ ਕਹਿਣ ’ਤੇ 1000 ਕਰੋੜ ਰੁਪਏ ਦੀ ਫੜੀ ਗਈ ਹੈਰੋਇਨ ਮਾਮਲੇ ’ਚ ਕੋਠੀ ਮਾਲਕ ਅਨਵਰ ਮਸੀਹ ਨੂੰ ਛੱਡਿਆ ਹੈ। ਹੁਣ ਖਾਨਾਪੂਰਤੀ ਲਈ ਪੁਲਿਸ ਅਨਵਰ ਨੂੰ ਨੋਟਿਸ ਭੇਜ ਰਹੀ ਹੈ।

ਉਨ੍ਹਾਂ ਦਾਅਵਾ ਕੀਤਾ ਕਿ ਜੇ ਅਨਵਰ ਮਸੀਹ ਨੂੰ ਫੜ ਕੇ ਮਾਮਲੇ ਦੀ ਤਹਿ ਤੱਕ ਜਾਂਚ ਕੀਤੀ ਜਾਂਦੀ ਤਾਂ ਕਈ ਵੱਡੇ ਲੀਡਰਾਂ ਦੇ ਨਾਂ ਸਾਹਮਣੇ ਆਉਣੇ ਸਨ। ਇਸੇ ਕਾਰਨ ਅਨਵਰ ਮਸੀਹ ਨੂੰ ਭਜਾਇਆ ਗਿਆ ਹੈ।