ਅੰਮ੍ਰਿਤਸਰ: ਤਰਸਿੱਕਾ ਬਲਾਕ ਅਧੀਨ ਪੈਂਦੇ ਪਿੰਡ ਖਜਾਲਾ ਵਿੱਚ ਅੱਜ ਬਾਅਦ ਦੁਪਹਿਰ ਚਾਰ ਅਣਪਛਾਤੇ ਲੁਟੇਰੇ ਬੈਂਕ ਵਿੱਚ ਦਾਖ਼ਲ ਹੋਏ ਤੇ ਪਿਸਤੌਲ ਦੀ ਨੋਕ ’ਤੇ ਤਕਰੀਬਨ ਦਸ ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਪ੍ਰਾਪਤ ਜਾਣਕਾਰੀ ਮੁਤਾਬਕ ਉਕਤ ਚਾਰੇ ਲੁਟੇਰਿਆਂ ਦੇ ਮੂੰਹ ਬੰਨ੍ਹੇ ਹੋਏ ਸਨ। ਲੁਟੇਰੇ ਚਿੱਟੇ ਰੰਗ ਦੀ ਆਈ ਟਵੰਟੀ ਕਾਰ ਵਿੱਚ ਸਵਾਰ ਹੋ ਕੇ ਆਏ ਤੇ ਬੈਂਕ ਵਿੱਚ ਦਾਖ਼ਲ ਹੋ ਕੇ ਸਾਰੇ ਮੁਲਾਜ਼ਮਾਂ ਨੂੰ ਬੰਧਕ ਬਣਾ ਲਿਆ। ਉਨ੍ਹਾਂ ਮੁਲਾਜ਼ਮਾਂ ਨੂੰ ਡਰਾਇਆ ਤੇ ਧਮਕੀਆਂ ਵੀ ਦਿੱਤੀਆਂ। ਇਸ ਪਿੱਛੋਂ ਉਨ੍ਹਾਂ ਦਸ ਲੱਖ ਰੁਪਏ ਦੇ ਕਰੀਬ ਰਕਮ ਕੱਢੀ ਤੇ ਮੌਕੇ ਤੋਂ ਫ਼ਰਾਰ ਹੋ ਗਏ। ਇਸ ਘਟਨਾ ਸਬੰਧੀ ਪੁਲਿਸ ਨੇ ਕੁਝ ਸੀਸੀਟੀਵੀ ਫੁਟੇਜ ਬਰਾਮਦ ਕੀਤੇ ਹਨ ਪਰ ਪੁਲਿਸ ਅਧਿਕਾਰੀ ਹਾਲੇ ਕੁਝ ਵੀ ਦੱਸਣ ਤੋਂ ਟਾਲ਼ਾ ਵੱਟ ਰਹੇ ਹਨ। ਅੰਮ੍ਰਿਤਸਰ ਦਿਹਾਤੀ ਖੇਤਰ ਵਿੱਚ ਇਹ ਲਗਾਤਾਰ ਦੂਜੀ ਲੁੱਟ ਦੀ ਵਾਰਦਾਤ ਹੈ। ਇਸ ਤੋਂ ਕੁਝ ਦਿਨ ਪਹਿਲਾਂ ਬੰਡਾਲਾ ਵਿੱਚ ਵੀ ਕਾਰ ਲੁੱਟਣ ਦੀ ਘਟਨਾ ਵਾਪਰੀ ਸੀ ਜਿਸ ਦੇ ਲੁਟੇਰੇ ਹਾਲੇ ਤੱਕ ਫਰਾਰ ਦੱਸੇ ਜਾ ਰਹੇ ਹਨ।