ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗਿਲੇ-ਸ਼ਿਕਵੇ ਦੂਰ ਕਰਨ ਲਈ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਨੇ ਚਾਰਾਜੋਈ ਸ਼ੁਰੂ ਕਰ ਦਿੱਤੀ ਹੈ। ਚੋਣ ਪ੍ਰਚਾਰ ਕਰਨ ਤੋਂ ਬਾਅਦ ਪੰਜਾਂ ਸੂਬਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਸਿੱਧੂ ਕੈਪਟਨ ਨੂੰ ਮਿਲ ਕੇ ਮਾਮਲਾ ਠੀਕ ਕਰਨਗੇ।
ਪੰਜਾਂ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸਿੱਧੂ ਨੇ ਧੂੰਆਂਧਾਰ ਰੈਲੀਆਂ ਕੀਤੀਆਂ ਸਨ, ਜਿਸ ਕਾਰਨ ਉਨ੍ਹਾਂ ਦਾ ਗਲਾ ਤੇ ਆਵਾਜ਼ ਕਾਫੀ ਖ਼ਰਾਬ ਹੋ ਗਈ ਸੀ। ਇਸੇ ਦੌਰਾਨ ਹੀ ਉਨ੍ਹਾਂ ਦੇ ਬਿਆਨ ਨਾਲ ਪੰਜਾਬ ਦੀ ਸਿਆਸਤ ਵੀ ਗਰਮਾ ਗਈ ਸੀ। ਹਾਲਾਂਕਿ, ਸਿੱਧੂ ਪਹਿਲਾਂ ਵੀ ਕੈਪਟਨ ਨੂੰ ਆਪਣੇ ਪਿਤਾ ਸਮਾਨ ਕਹਿ ਚੁੱਕੇ ਹਨ। ਹੁਣ ਸਿਹਤ ਠੀਕ ਹੁੰਦਿਆਂ ਹੀ ਕੈਪਟਨ ਨੂੰ ਮਨਾਉਣ ਲਈ ਸਿੱਧੂ ਨੇ ਦਿੱਲੀ ਤੋਂ ਪੰਜਾਬ ਵੱਲ ਕੂਚ ਕਰ ਦਿੱਤੀ ਹੈ।
ਭਲਕ ਤੋਂ ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ ਦਾ ਇਜਲਾਸ ਵੀ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਸਿੱਧੂ ਅੱਜ ਹੀ ਕੈਪਟਨ ਨਾਲ ਸੁਲ੍ਹਾ-ਸਫ਼ਾਈ ਕਰ ਲੈਣਗੇ। ਕਾਂਗਰਸ ਨੂੰ ਵੀ ਸਦਨ ਵਿੱਚ ਵਿਰੋਧੀਆਂ ਦਾ ਟਾਕਰਾ ਕਰਨ ਲਈ ਆਪਣੇ ਸ਼ਬਦਾਂ ਦੇ ਜਾਦੂਗਰ ਦੀ ਲੋੜ ਪਵੇਗੀ।