ਅੰਮ੍ਰਿਤਸਰ: ਭਾਰਤ ਸਰਕਾਰ ਵੱਲੋਂ ਨੋਟਬੰਦੀ ਦੇ ਐਲਾਨ ਤੋਂ ਬਾਅਦ ਹੁਣ 4500 ਦੀ ਥਾਂ ਸਿਰਫ 2000 ਰੁਪਏ ਬਦਲਵਾਏ ਜਾਣ ਦੀ ਖ਼ਬਰ ਨੇ ਆਮ ਜਨਤਾ ਦੇ ਹੋਸ਼ ਉਡਾ ਦਿੱਤੇ ਹਨ। ਲੋਕਾਂ ਦਾ ਕਹਿਣਾ ਹੈ ਕਿ ਉਹ ਤਾਂ ਪੈਸੇ ਨਾ ਮਿਲਣ ਕਰਕੇ ਪਹਿਲਾਂ ਹੀ ਬਹੁਤ ਪ੍ਰੇਸ਼ਾਨ ਸਨ। ਹੁਣ ਸਰਕਾਰ ਨੇ ਇਹ ਨਵਾਂ ਐਲਾਨ ਕਰ ਦਿੱਤਾ ਹੈ। ਲੋਕਾਂ ਨੂੰ ਇਹ ਉਮੀਦ ਸੀ ਕਿ ਸਰਕਾਰ ਪੈਸੇ ਬਦਲਾਉਣ ਦੀ ਰਾਸ਼ੀ ਵਿੱਚ ਵਾਧਾ ਕਰੇਗੀ ਪਰ ਸਰਕਾਰ ਨੇ ਲੋਕਾਂ ਦੀ ਉਮੀਦ ਦੇ ਬਿਲਕੁਲ ਉਲਟ ਫੈਸਲਾ ਕੀਤਾ ਹੈ।
ਅੰਮ੍ਰਿਤਸਰ ਦੇ ਰਾਣੀ ਕਾ ਬਾਗ ਦੀ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਵਿੱਚ ਲਾਈਨ ਵਿੱਚ ਲੱਗੀ ਨਿਧੀ ਧਵਨ ਨੇ ਕਿਹਾ ਕਿ ਉਸ ਨੇ ਆਪਣੇ ਕਾਲਜ ਦੀ ਫੀਸ ਭਰਨੀ ਹੈ। ਕਾਲਜ ਪ੍ਰਸ਼ਾਸਨ ਨੇ ਪੁਰਾਣੇ ਨੋਟ ਲੈਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਇਸ ਕਰਕੇ ਉਸ ਨੂੰ ਪੈਸੇ ਬਦਲਵਾਉਣ ਵਿੱਚ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ। ਨਿਧੀ ਨੇ ਕਿਹਾ ਕਿ ਸਰਕਾਰ ਵੱਲੋਂ 4500 ਦੀ ਥਾਂ 2000 ਰੁਪਏ ਕੀਤੇ ਜਾਂ ਨਾਲ ਆਮ ਜਨਤਾ ਦੀਆਂ ਪ੍ਰੇਸ਼ਾਨੀਆਂ ਹੋਰ ਵਧਣਗੀਆਂ।
ਕੋਮਾਲਪ੍ਰੀਤ ਕੌਰ ਨੇ ਕਿਹਾ ਕਿ ਸਰਕਾਰ ਨੇ ਪਹਿਲਾਂ 4000 ਰੁਪਏ ਦਾ ਐਲਾਨ ਕੀਤਾ। ਬਾਅਦ ਵਿੱਚ 4500 ਤੇ ਹੁਣ ਫਿਰ 2000 ਸਰਕਾਰ ਵੱਲੋਂ ਵਾਰ ਵਾਰ ਕੀਤੇ ਜਾ ਰਹੇ ਇਨ੍ਹਾਂ ਐਲਾਨਾਂ ਕਰਕੇ ਆਮ ਜਨਤਾ ਆਪਣੇ ਕੰਮ ਕਰ ਛੱਡਕੇ ਸਿਰਫ ਲਾਈਨਾਂ ਵਿੱਚ ਹੀ ਖੜ੍ਹੇ ਹੋਣ ਨੂੰ ਮਜਬੂਰ ਹੋ ਜਾਣਗੇ।
ਉਧਰ, ਬੈਂਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਸਰਕਾਰੀ ਆਦੇਸ਼ ਨੂੰ ਮੰਨਦਿਆਂ ਕੱਲ੍ਹ ਤੋਂ ਲੋਕਾਂ ਨੂੰ ਸਿਰਫ 2000 ਰੁਪਏ ਹੀ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਬੈਂਕ ਮੁਲਾਜ਼ਮ ਸਰਕਾਰੀ ਆਦੇਸ਼ਾਂ ਅਨੁਸਾਰ ਪਹਿਲਾਂ ਦੇ ਮੁਕਾਬਲੇ ਕਈ ਘੰਟੇ ਵੱਧ ਡਿਊਟੀ ਕਰ ਰਹੇ ਹਨ। ਮੁਲਾਜ਼ਮਾਂ ਦੀ ਵੀ ਸਰਕਾਰ ਤੋਂ ਮੰਗ ਹੈ ਕਿ ਉਨ੍ਹਾਂ ਨੂੰ ਵੱਧ ਕੰਮ ਕਾਰਨ ਲਈ ਤਨਖਾਹ ਤੋਂ ਇਲਾਵਾ ਹੋਰ ਪੈਸੇ ਦਿੱਤੇ ਜਾਣ।