ਚੰਡੀਗੜ੍ਹ: ਅੰਮ੍ਰਿਤਸਰ ਪੁਲਿਸ ਨੇ 5 ਗੈਂਗਸਟਰਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਇਨ੍ਹਾਂ ਵਿੱਚੋਂ ਇੱਕ ਬਦਮਾਸ਼ ਪਿਛਲੇ ਦਿਨੀਂ ਕੋਟ ਖ਼ਾਲਸਾ ਵਿੱਚ ਮਾਰੇ ਗਏ ਗਏ ਨੌਜਵਾਨ ਬਲਵਿੰਦਰ ਬਿੱਲਾ ਦੇ ਕਤਲ ਕੇਸ ਵਿੱਚ ਲੋੜੀਂਦਾ ਗੁਰਜਸ਼ਨਜੀਤ ਉਰਫ ਚੀਨੀ ਵੀ ਸ਼ਾਮਲ ਹੈ। ਪੁਲਿਸ ਨੇ ਇਨ੍ਹਾਂ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਗਏ ਹਨ।
ਯਾਦ ਰਹੇ ਕਿ ਪਿਛਲੇ ਇੱਕ ਮਹੀਨੇ ਦੌਰਾਨ ਛੇਹਰਟਾ ਤੇ ਕੋਟ ਖ਼ਾਲਸਾ ਇਲਾਕੇ ਵਿੱਚ ਗੋਲੀਬਾਰੀ ਦੇ ਕਰੀਬ 6 ਮਾਮਲੇ ਸਾਹਮਣੇ ਆਏ ਹਨ। ਗੋਲ਼ੀਬਾਰੀ ਦੀ ਇੱਕ ਘਟਨਾ ਵਿੱਚ ਹੀ ਬਲਵਿੰਦਰ ਬਿੱਲਾ ਦੀ ਮੌਤ ਹੋ ਗਈ ਸੀ। ਹਾਲਾਂਕਿ ਗੁਰਜਸ਼ਨਜੀਤ ਕੋਲੋਂ ਪੁੱਛਗਿੱਛ ਬਾਅਦ ਹੀ ਪਤਾ ਚੱਲੇਗਾ ਕਿ ਉਸ ਨੇ ਬਲਵਿੰਦਰ ਬਿੱਲਾ ਨੂੰ ਕਿਉਂ ਮਾਰਿਆ ਸੀ?
ਇਹ ਸਾਰੇ ਮੁਲਜ਼ਮ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਕਰੀਬੀ, ਗੁਰਦੀਪ ਪਹਿਲਵਾਨ ਕਤਲ ਕਾਂਡ ਤੇ ਗੁਰੂ ਬਾਜ਼ਾਰ ਲੁੱਟ ਵਿੱਚ ਮੁੱਖ ਦੋਸ਼ੀ ਅੰਗਰੇਜ਼ ਦੇ ਸਾਥੀ ਹਨ। ਪੁਲਿਸ ਦਾ ਕਹਿਣਾ ਹੈ ਕਿ ਇਹ ਪੰਜੇ ਜਣੇ ਅੰਮ੍ਰਿਤਸਰ ਵਿੱਚ ਵਾਪਰੀਆਂ ਕਈ ਗੈਂਗਵਾਰ ਘਟਨਾਵਾਂ ਵਿੱਚ ਸ਼ਾਮਲ ਸਨ। ਇਨ੍ਹਾਂ ਤੋਂ 9MM ਪਿਸਤੌਲ, 30 ਬੋਰ ਪਿਸਤੌਲ ਅਤੇ 12 ਬੋਰ ਰਿਵਾਲਵਰ, ਗੋਲੀਆਂ ਤੇ ਮੈਗਜ਼ੀਨ ਵੀ ਬਰਾਮਦ ਹੋਏ ਹਨ।