ਸ਼ੰਕਰ ਦਾਸ ਦੀ ਰਿਪੋਰਟ
  

 

ਅੰਮ੍ਰਿਤਸਰ : ਗੁਰੂਆਂ, ਪੀਰਾਂ ਅਤੇ ਪੰਜ ਪਾਣੀਆਂ ਦੀ ਧਰਤੀ ‘ਤੇ ਹੁਣ ਨਸ਼ੇ ਦਾ ਛੇਵਾਂ ਦਰਿਆ ਵਹਿ ਰਿਹਾ ਹੈ, ਜੋ ਬਹੁਤ ਚਿੰਤਾ ਦਾ ਵਿਸ਼ਾ ਹੈ। ਨਸ਼ੇ ਨੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਦਿੱਤਾ ਹੈ। ਹੁਣ ਨਸ਼ੇ ਦੇ ਕਾਰੋਬਾਰ ਵਿੱਚ ਔਰਤਾਂ ਵੀ ਮਰਦਾਂ ਤੋਂ ਪਿੱਛੇ ਨਹੀਂ ਰਹੀਆਂ। ਹੁਣ ਲੜਕੀਆਂ ਵੀ ਜ਼ਿਆਦਾ ਪੈਸੇ ਕਮਾਉਣ ਦੇ ਲਾਲਚ ‘ਚ ਨਸ਼ਾ ਸਮੱਗਲਿੰਗ ਦੀ ਦਲਦਲ ‘ਚ ਧਸ ਚੁੱਕੀਆਂ ਹਨ। ਪੰਜਾਬ ‘ਚ ਜਿਥੇ ਮਰਦ ਨਸ਼ੇ ਦਾ ਕਾਰੋਬਾਰ ਕਰ ਰਹੇ ਹਨ। ਓਥੇ ਹੀ ਹੁਣ ਲੜਕੀਆਂ ਵੀ ਇਸ ਧੰਦੇ ਨੂੰ ਚਲਾ ਰਹੀਆਂ ਹਨ।

 

ਅੰਮ੍ਰਿਤਸਰ 'ਚ ਕਾਊਂਟਰ ਇੰਟੈਲੀਜੈਂਸੀ ਨੇ ਅੱਜ ਵੱਡੀ ਕਾਰਵਾਈ ਕਰਦਿਆਂ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਜਿਨ੍ਹਾਂ ਦੇ ਵਿੱਚ ਇੱਕ ਲੜਕੀ ਸ਼ਾਮਲ ਹੈ, ਜੋ ਕਿ ਅੰਮ੍ਰਿਤਸਰ ਦੇ ਇੱਕ ਨਾਮੀ ਕਾਲਜ ਦੀ ਵਿਦਿਆਰਥਣ ਹੈ ,ਜੋ ਕਿ ਮੂਲ ਰੂਪ ਵਿੱਚ ਕੋਟਕਪੁਰਾ ਦੀ ਰਹਿਣ ਵਾਲੀ ਹੈ। ਉਨ੍ਹਾਂ ਕੋਲੋਂ ਭਾਰੀ ਮਾਤਰਾ ਵਿੱਚ ਚਿੱਟਾ ਬਰਾਮਦ ਕੀਤਾ ਗਿਆ ਹੈ। 

 

ਮਿਲੀ ਜਾਣਕਾਰੀ ਅਨੁਸਾਰ ਉਕਤ ਲੜਕੀ ਸਰਹੱਦੀ ਖੇਤਰ ਵਿੱਚ ਕੁੱਝ ਲੜਕਿਆਂ ਨਾਲ ਗੈਂਗ ਬਣਾ ਕੇ ਚਿੱਟਾ ਸਪਲਾਈ ਕਰਨ ਦਾ ਕੰਮ ਕਰਦੀ ਸੀ ,ਜਿਸ ਨੂੰ ਅੰਮ੍ਰਿਤਸਰ ਪੁਲਿਸ ਵੱਲੋਂ ਬੜੀ ਮੁਸ਼ੱਕਤ ਨਾਲ ਗ੍ਰਿਫ਼ਤਾਰ ਕੀਤਾ ਹੈ ਅਤੇ ਇਨ੍ਹਾਂ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰ ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ। 


ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਪਹਿਲੇ ਅੰਮ੍ਰਿਤਸਰ ਦੇ ਸਾਂਸਦ ਗੁਰਜੀਤ ਸਿੰਘ ਔਜਲਾ ਵੱਲੋਂ ਕਿਹਾ ਗਿਆ ਸੀ ਕਿ ਸਰਕਾਰਾਂ ਤੇ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਅੰਮ੍ਰਿਤਸਰ ਸ਼ਹਿਰ ਵਿੱਚ ਸ਼ਰ੍ਹੇਆਮ ਚਿੱਟਾ ਵਿਕ ਰਿਹਾ ਹੈ, ਜਿਸ ਦੇ ਬਾਅਦ ਅੰਮ੍ਰਿਤਸਰ ਪੁਲਿਸ ਵਲੋਂ ਆਏ ਦਿਨ ਹੀ ਚਿੱਟਾ ਵੇਚਣ ਵਾਲੇ ਲੋਕਾਂ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ਚੋਂ ਇੱਕ ਘਰ ਦੇ ਵਿੱਚੋਂ ਵੱਡੀ ਮਾਤਰਾ ‘ਚ ਪੁਲਿਸ ਨੇ ਚਿੱਟਾ ਬਰਾਮਦ ਕੀਤਾ ਸੀ।

 

ਦੱਸ ਦੇਈਏ ਕਿ ਪੰਜਾਬ ‘ਚ ਨਸ਼ਿਆਂ ਦਾ ਕਹਿਰ ਲਗਾਤਾਰ ਜਾਰੀ ਹੈ ਤੇ ਇਹਨਾਂ ਨਸ਼ਿਆਂ ਕਾਰਨ ਆਏ ਦਿਨ ਕਈ ਮਾਵਾਂ ਦੇ ਪੁੱਤ ਮੌਤ ਦੇ ਘਾਟ ਉਤਰ ਰਹੇ ਹਨ। ਹੁਣ ਤੱਕ ਨਾ ਜਾਨੇ ਕਿੰਨੇ ਲੋਕ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਦੇ ਮੂੰਹ ‘ਚ ਜਾ ਚੁੱਕੇ ਹਨ। ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਪੰਜਾਬ ਸਰਕਾਰ ਭਾਵੇਂ ਸੂਬੇ 'ਚ ਨਸ਼ੇ ਦੇ ਖਾਤਮੇ ਦੇ ਦਾਅਵੇ ਕਰ ਰਹੀ ਹੈ ਪਰ ਨੌਜਵਾਨ ਪੀੜ੍ਹੀ ਲਗਾਤਾਰ ਨਸ਼ੇ ਦੀ ਲਪੇਟ 'ਚ ਆ ਰਹੀ ਹੈ।