ਮੋਹਾਲੀ : ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਮੋਹਾਲੀ ਵਿਖੇ ਸਿਸਵਾਂ ਨੇੜੇ ਸੁਖ ਵਿਲਾਸ ਹੋਟਲ ਦੇ ਕੋਲ ਲਾਈਵ ਰੇਡ ਕੀਤੀ ਹੈ। ਮੋਹਾਲੀ ਜ਼ਿਲ੍ਹੇ ਦੇ ਪਿੰਡ ਅਭੀਪੁਰ ਵਿੱਚ ਟਰੈਕਟਰ ਲਿਆ ਕੇ ਰੇਡ ਕਰਕੇ ਪੰਚਾਇਤ ਦੀ 29 ਏਕੜ ਸਰਕਾਰੀ ਜ਼ਮੀਨ ਦਾ ਕਬਜ਼ਾ ਛੁਡਾਇਆ ਹੈ। ਉਕਤ ਜ਼ਮੀਨ ਕਰੋੜਾਂ ਰੁਪਏ ਦੀ ਜ਼ਮੀਨ ਦੱਸੀ ਜਾ ਰਹੀ ਹੈ। 

 

 ਦੱਸਿਆ ਜਾ ਰਿਹਾ ਹੈ ਕਿ ਇਸ ਜ਼ਮੀਨ ’ਤੇ ਅਕਾਲੀ ਸਰਕਾਰ ਸਮੇਂ ਕੈਪਟਨ ਵਿਕਰਮ ਜੀਤ ਸਿੰਘ ਦਾ ਕਾਬਜ਼ ਸੀ, ਜਿਸ ਨੂੰ ਅਜੇ ਤੱਕ ਕਬਜ਼ਾ ਛੁਡਾਇਆ ਨਹੀਂ ਗਿਆ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੇ ਹੀ ਇਸ 'ਤੇ ਕੰਮ ਸ਼ੁਰੂ ਹੋ ਗਿਆ। ਇਹ ਸਾਰੀ ਪੰਚਾਇਤੀ ਵਿਭਾਗ ਦੀ ਜ਼ਮੀਨ 29 ਏਕੜ ਦੇ ਕਰੀਬ ਦੱਸੀ ਜਾ ਰਹੀ ਹੈ, ਜਿਸ ਨੂੰ ਹੁਣ ਛੁਡਵਾ ਲਿਆ ਗਿਆ ਹੈ। ਲਾਈਵ ਰੇਡ ਕਰਨ ਮੌਕੇ ਕੁਲਦੀਪ ਸਿੰਘ ਧਾਲੀਵਾਲ ਪੂਰੇ ਦਸਤਾਵੇਜ਼ ਲੈ ਕੇ ਪਹੁੰਚੇ ਅਤੇ ਉਕਤ ਜ਼ਮੀਨ ਨੂੰ ਕਬਜ਼ੇ ’ਚੋਂ ਛੁਡਵਾਇਆ ਹੈ। ਦੱਸ ਦੇਈਏ ਕਿ ਉਕਤ ਜ਼ਮੀਨ ਨੇੜੇ ਹੀ ਕੈਪਟਨ ਅਮਰਿੰਦਰ ਸਿੰਘ ਦਾ ਸਿਸਵਾਂ ਫਾਰਮ ਹਾਊਸ ਅਤੇ ਸੁਖਬੀਰ ਸਿੰਘ ਬਾਦਲ ਦਾ ਸੁਖ ਵਿਲਾ ਮਹਿਜ਼ ਕੁਝ ਹੀ ਦੂਰੀ ’ਤੇ ਹੈ। 

 

 

ਪੰਚਾਇਤ ਮੰਤਰੀ ਨੇ ਕਿਹਾ ਕਿ ਹਰ ਮਹੀਨੇ 5000 ਏਕੜ ਜ਼ਮੀਨ ਛੁਡਾਈ ਜਾਵੇਗੀ ਅਤੇ 1 ਸਾਲ ਦੇ ਅੰਦਰ 50,000 ਏਕੜ ਤੋਂ ਵੱਧ ਜ਼ਮੀਨ ਪੰਚਾਇਤਾਂ ਦੇ ਕਬਜ਼ੇ ਹੇਠ ਆ ਜਾਵੇਗੀ। ਜਿਸ ਕਿਸੇ ਨੇ ਵੀ ਜ਼ਮੀਨਾਂ 'ਤੇ ਕਬਜ਼ਾ ਕੀਤਾ ਹੋਵੇ, ਚਾਹੇ ਉਹ ਅਕਾਲੀ ਹੋਵੇ, ਚਾਹੇ ਕਾਂਗਰਸੀ ਹੋਵੇ, ਚਾਹੇ ਉਹ ਕਿਸੇ ਵੀ ਪਾਰਟੀ ਦਾ ਹੋਵੇ ਅਤੇ ਚਾਹੇ ਉਹ ਕਿੰਨਾ ਵੀ ਵੱਡਾ ਆਗੂ ਹੋਵੇ, ਜਿਸ ਨੇ ਗ਼ਲਤ ਤਰੀਕੇ ਨਾਲ ਕਬਜ਼ਾ ਕੀਤਾ ਹੋਇਆ ਹੈ , ਉਸ ਨੂੰ ਛੁਡਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪੰਚਾਇਤੀ ਜ਼ਮੀਨਾਂ 'ਤੇ ਕਬਜ਼ਾ ਕੀਤਾ ਗਿਆ ਹੈ, ਉਨ੍ਹਾਂ ਨੂੰ ਕਬਜੇ ਵਿੱਚ ਲੈ ਕੇ ਕਾਨੂੰਨ ਤਹਿਤ ਛੁਡਵਾਇਆ ਜਾਵੇਗਾ।

 

ਦੱਸਣਯੋਗ ਹੈ ਕਿ ਕਬਜ਼ੇ ਵਾਲੀ ਜ਼ਮੀਨ ਨਾਲ ਸਬੰਧਤ ਵਿਅਕਤੀ ਜਿਸ ਨਾਲ ਵੀ ਅਦਾਲਤ ’ਚ ਕੇਸ ਚੱਲ ਰਿਹਾ ਹੋਵੇ ਤਾਂ ਕੇਸ ਜਿੱਤਣ ਮਗਰੋਂ ਸਰਕਾਰ ਜਦੋਂ ਕਿਸੇ ਜ਼ਮੀਨ ’ਤੇ ਕਬਜ਼ਾ ਲੈਣ ਜਾਂਦੀ ਹੈ ਤਾਂ ਕੋਰਟ ਤੋਂ ਮਿਲੇ ਦਾਖ਼ਲਾ ਵਾਰੰਟ ਉਨ੍ਹਾਂ ਦੇ ਕੋਲ ਹੁੰਦੇ ਹਨ। ਇਸ ਦੇ ਇਲਾਵਾ ਬਕਾਇਦਾ ਪੁਲਿਸ ਵੀ ਨਾਲ ਹੁੰਦੀ ਹੈ। ਇਸੇ ਤਰ੍ਹਾਂ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੀ ਕੇਸ ਜਿੱਤਣ ਮਗਰੋਂ ਆਪਣੇ ਹੱਥਾਂ ’ਚ ਦਸਤਾਵੇਜ਼ ਲੈ ਕੇ ਸਰਕਾਰੀ ਜ਼ਮੀਨ ਦਾ ਕਬਜ਼ਾ ਲੈਣ ਲਈ ਉਕਤ ਥਾਂ ’ਤੇ ਪਹੁੰਚੇ ਅਤੇ ਜ਼ਮੀਨ ਦਾ ਕਬਜ਼ਾ ਛੁਡਵਾਇਆ।