ਅੰਮ੍ਰਿਤਸਰ: ਸ਼ਹਿਰ ਵਿੱਚ ਕਰੋੜਾਂ ਦੇ ਗਹਿਣਿਆਂ ਦੀ ਚੋਰੀ ਤੇ ਕਾਂਗਰਸੀ ਕੌਂਸਲਰ ਦੇ ਕਤਲ ਦੇ ਇਲਜ਼ਾਮ ਵਿੱਚ ਲੋੜੀਂਦੇ ਗੈਂਗਸਟਰਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਇਨ੍ਹਾਂ ਵਾਰਦਾਤਾਂ ਦੇ ਸਰਗਨਾ ਦੀ ਵੀ ਮੌਤ ਹੋ ਗਈ ਹੈ। ਪੁਲਿਸ ਨੇ ਇਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੁਖ ਦਾ ਸਾਹ ਲਿਆ ਹੈ, ਕਿਉਂਕਿ ਇਨ੍ਹਾਂ ਗੈਂਗਸਟਰਾਂ ਵੱਲੋਂ ਦੀਵਾਲੀ ਮੌਕੇ ਸ਼ਹਿਰ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜ਼ਾਮ ਦਿੱਤੇ ਜਾਣ ਦੀ ਸੰਭਾਵਨਾ ਸੀ।
ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਐਸ.ਐਸ. ਸ੍ਰੀਵਾਸਤਵਾ ਨੇ ਦੱਸਿਆ ਕਿ ਬੀਤੀ ਦੇਰ ਰਾਤ ਫ਼ਤਹਿਪੁਰ ਇਲਾਕੇ ਵਿੱਚ ਪੁਲਿਸ ਨੇ ਨਾਕਾਬੰਦੀ ਕੀਤੀ ਹੋਈ ਸੀ ਤੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਰੁਕਣ ਲਈ ਕਿਹਾ ਗਿਆ। ਉਨ੍ਹਾਂ ਨੇ ਪੁਲਿਸ 'ਤੇ ਗੋਲ਼ੀ ਚਲਾ ਦਿੱਤੀ ਤੇ ਪੁਲਿਸ ਦੀ ਜਵਾਬੀ ਫਾਇਰਿੰਗ ਵਿੱਚ ਇੱਕ ਨੌਜਵਾਨ ਦੀ ਲੱਤ 'ਤੇ ਗੋਲ਼ੀ ਲੱਗ ਗਈ। ਸਾਥੀ ਦੇ ਜ਼ਖਮੀ ਹੋਣ 'ਤੇ ਦੂਜਾ ਨੌਜਵਾਨ ਘਬਰਾ ਗਿਆ ਤੇ ਹੱਥ ਖੜ੍ਹੇ ਕਰਕੇ ਪੁਲਿਸ ਨੂੰ ਆਤਮ ਸਮਰਪਣ ਕਰ ਦਿੱਤਾ।
ਉਨ੍ਹਾਂ ਦੱਸਿਆ ਕਿ ਜ਼ਖ਼ਮੀ ਨੌਜਵਾਨ ਦੀ ਪਛਾਣ ਅਮਨਪ੍ਰੀਤ ਸਿੰਘ ਰਿੰਕਾ ਤੇ ਸਮਰਪਣ ਕਰਨ ਵਾਲੇ ਦੀ ਸ਼ਨਾਖ਼ਤ ਰੋਹਿਤ ਸ਼ਰਮਾ ਉਰਫ਼ ਗੋਰਾ ਦੇ ਰੂਪ ਵਿੱਚ ਹੋਈ ਹੈ। ਕਮਿਸ਼ਨਰ ਨੇ ਦੱਸਿਆ ਕਿ ਅਮਨਪ੍ਰੀਤ ਸਿੰਘ ਰਿੰਕਾ ਕਾਂਗਰਸੀ ਕੌਂਸਲਰ ਗੁਰਦੀਪ ਪਹਿਲਵਾਨ ਦੀ ਹੱਤਿਆ ਤੇ ਗੁਰੂ ਬਾਜ਼ਾਰ ਡਕੈਤੀ ਸਮੇਤ ਸੱਤ ਕੇਸਾਂ ਵਿੱਚ ਪੁਲਿਸ ਨੂੰ ਲੋੜੀਂਦਾ ਸੀ। ਪੁਲਿਸ ਨੇ ਇਨ੍ਹਾਂ ਬਦਮਾਸ਼ਾਂ ਤੋਂ ਦੋ ਪਿਸਟਲ ਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਗੁਰਦੀਪ ਪਹਿਲਵਾਨ ਦੀ ਹੱਤਿਆ ਤੇ ਗੁਰੂ ਬਾਜ਼ਾਰ ਦੀ ਡਕੈਤੀ ਦੇ ਵਿੱਚ ਮੁੱਖ ਸਾਜ਼ਿਸ਼ਘਾੜੇ ਰਜਤ ਮਲਹੋਤਰਾ ਉਰਫ਼ ਕਰਨ ਮਸਤੀ ਦੀ ਲਾਸ਼ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਇਲਾਕੇ ਵਿੱਚੋਂ ਕਾਰ 'ਚੋਂ ਬਰਾਮਦ ਹੋਈ ਹੈ। ਉਸ ਦੀ ਹਾਲਤ ਕਾਫੀ ਖਰਾਬ ਸੀ ਤੇ ਮੰਨਿਆ ਜਾ ਰਿਹਾ ਹੈ ਉਸ ਦੀ ਮੌਤ ਦੋ-ਤਿੰਨ ਦਿਨ ਪਹਿਲਾਂ ਹੋ ਚੁੱਕੀ ਸੀ। ਯੂਪੀ ਪੁਲਿਸ ਜਾਂਚ ਕਰ ਰਹੀ ਹੈ ਕਿ ਕਰਨ ਮਸਤੀ ਦੀ ਮੌਤ ਕਿਸ ਤਰ੍ਹਾਂ ਹੋਈ ਹੈ ਤੇ ਅੰਮ੍ਰਿਤਸਰ ਤੋਂ ਪੁਲਿਸ ਟੀਮ ਵੀ ਗਾਜ਼ੀਆਬਾਦ ਰਵਾਨਾ ਹੋ ਚੁੱਕੀ ਹੈ।
ਪੁਲਿਸ ਕਮਿਸ਼ਨਰ ਦਾ ਕਹਿਣਾ ਹੈ ਕਿ ਰਿੰਕਾ ਵੱਲੋਂ ਆਪਣਾ ਨਵਾਂ ਗਰੁੱਪ ਬਣਾ ਲਿਆ ਗਿਆ ਸੀ ਅਤੇ ਉਸ ਦੇ ਗਰੁੱਪ ਦੇ ਦੋ ਮੈਂਬਰ ਦੀਪ ਗਿੱਲ ਅਤੇ ਰਕਸ਼ਿਤ ਨੂੰ ਦਿੱਲੀ ਪੁਲਿਸ ਨੇ ਪਹਿਲੀ ਨਵੰਬਰ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਰਿੰਕਾ ਅਤੇ ਉਸ ਦੇ ਸਾਥੀਆਂ ਵੱਲੋਂ ਦੀਵਾਲੀ ਮੌਕੇ ਸ਼ਹਿਰ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਜਾਣਾ ਸੀ ਤੇ ਸਮਾਂ ਰਹਿਣ 'ਤੇ ਉਹ ਫੜੇ ਗਏ।