ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਵਿੱਚੋਂ ਮੁਅੱਤਲੀ ਮਗਰੋਂ ਹੁਣ ਸਭ ਦੀਆਂ ਨਜ਼ਰਾਂ ਵਿਧਾਇਕ ਸੁਖਪਾਲ ਖਹਿਰਾ 'ਤੇ ਹਨ। ਬੇਸ਼ੱਕ ਉਨ੍ਹਾਂ ਸਪਸ਼ਟ ਕਰ ਦਿੱਤਾ ਹੈ ਕਿ ਉਹ ਹੁਣ ਤੀਜਾ ਫਰੰਟ ਬਣਾਉਣ ਜਾ ਰਹੇ ਹਨ ਪਰ ਇਸ ਫਰੰਟ ਦੀ ਰੂਪ-ਰੇਖਾ ਕੀ ਹੋਏਗੀ, ਇਹ ਅਜੇ ਵੀ ਬੁਝਾਰਤ ਹੀ ਹੈ। ਖਹਿਰਾ ਨਾਲ ਕਿਹੜੀਆਂ-ਕਿਹੜੀਆਂ ਧਿਰਾਂ ਚੱਲਣ ਲਈ ਰਾਜ਼ੀ ਹੋਣਗੀਆਂ, ਇਹ ਵੀ ਇੱਕ ਵੱਡਾ ਸਵਾਲ ਹੈ।

ਉਂਝ ਪੰਜਾਬ ਵਿੱਚ ਤੀਜਾ ਸਿਆਸੀ ਫਰੰਟ ਉਸਾਰਨ ਦੀਆਂ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇਹ ਵੀ ਤੈਅ ਹੈ ਕਿ ਇਸ ਫਰੰਟ ਦੀ ਅਗਵਾਈ ਖਹਿਰਾ ਕਰ ਸਕਦੇ ਹਨ। ਖਹਿਰਾ ਯੂਨਾਈਟਿਡ ਅਕਾਲੀ ਦਲ, ਬਹੁਜਨ ਸਮਾਜ ਪਾਰਟੀ ਤੇ ਲੋਕ ਇਨਸਾਫ਼ ਪਾਰਟੀ ਨੂੰ ਨਾਲ ਲੈ ਕੇ ਚੱਲਣ ਦੀ ਸੋਚ ਰਹੇ ਹਨ। ਇਸ ਤੋਂ ਇਲਾਵਾ ਸੁੱਚਾ ਸਿੰਘ ਛੋਟੇਪੁਰ, ਡਾ. ਧਰਮਵੀਰ ਗਾਂਧੀ ਤੇ ਬੀਰਦਵਿੰਦਰ ਸਿੰਘ ਵੀ ਖਹਿਰਾ ਨਾਲ ਮਿਲ ਸਕਦੇ ਹਨ। ਅਕਾਲੀ ਦਲ ਤੋਂ ਬਗ਼ਾਵਤ ਕਰ ਰਹੇ ਕਈ ਟਕਸਾਲੀ ਲੀਡਰਾਂ ਨੂੰ ਵੀ ਫਰੰਟ ਨਾਲ ਜੋੜਨ ਦੇ ਯਤਨ ਕੀਤੇ ਜਾ ਰਹੇ ਹਨ।

ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਫਰੰਟ ਹੋਂਦ ਵਿੱਚ ਤਾਂ ਆ ਸਕਦਾ ਹੈ ਪਰ ਇਹ ਕਿੰਨਾ ਸਮਾਂ ਇਕੱਠਾ ਚੱਲੇਗਾ, ਇਸ ਬਾਰੇ ਕੁਝ ਕਹਿਣਾ ਮੁਸ਼ਕਲ ਹੈ। ਦਰਅਸਲ ਲੋਕ ਇਨਸਾਫ਼ ਪਾਰਟੀ ਨੂੰ ਛੱਡ ਕੇ ਬਾਕੀ ਸਾਰੀਆਂ ਧਿਰਾਂ ਵਿਚਾਰਧਾਰਕ ਪੱਖੋਂ ਸੁਖਪਾਲ ਖਹਿਰਾ ਧੜੇ ਨਾਲੋਂ ਵੱਖਰੇਵਾਂ ਰੱਖਦੀਆਂ ਹਨ। ਚੋਣਾਂ ਵਿੱਚ ਤਾਂ ਇਹ ਗੱਠਜੋੜ ਚੱਲ਼ ਸਕਦਾ ਹੈ ਪਰ ਲੰਮੇਂ 'ਤੇ ਵਿਚਾਰਧਾਰਕ ਟਕਰਾਅ ਸੰਭਵ ਹੈ। ਇਸ ਤੋਂ ਇਲਾਵਾ ਪੁਰਾਣੀਆਂ ਪਾਰਟੀਆਂ ਵੱਲੋਂ ਖਹਿਰਾ ਨੂੰ ਆਪਣਾ ਲੀਡਰ ਮੰਨਣ ਵਿੱਚ ਵੀ ਦਿੱਕਤ ਆ ਸਕਦੀ ਹੈ।

ਉਧਰ, ਸੁਖਪਾਲ ਖਹਿਰਾ ਧੜੇ ਨੇ ਅੱਜ ਆਪਣੀ ਸਿਆਸੀ ਮਾਮਲਿਆਂ ਦੀ ਕਮੇਟੀ (ਪੀਏਸੀ) ਦੀ ਹੰਗਾਮੀ ਮੀਟਿੰਗ ਬੁਲਾਈ ਹੈ। ਮੀਟਿੰਗ ਵਿੱਚ ਅਗਲੀ ਰਣਨੀਤੀ ਦਾ ਐਲਾਨ ਹੋ ਸਕਦਾ ਹੈ।