ਚੰਡੀਗੜ੍ਹ: ਪੰਜਾਬ ਦੇ ਧੂੰਏਂ ਨਾਲ ਦਿੱਲੀ ਵਾਸੀਆਂ ਦਾ ਦਮ ਘੁਟਣ ਦੇ ਦਾਅਵਿਆਂ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ ਤਿੱਖਾ ਜਵਾਬ ਦਿੱਤਾ ਹੈ। ਕੈਪਟਨ ਨੇ ਅੰਕੜਿਆਂ ਨਾਲ ਕੇਜਰੀਵਾਲ ਦੇ ਸਾਰੇ ਦਾਅਵਿਆਂ ਨੂੰ ਰੱਦ ਕਰਦਿਆਂ ਉਨ੍ਹਾਂ ਦੀ ਵਿਦਿਅਕ ਯੋਗਤਾ 'ਤੇ ਵੀ ਸਵਾਲ ਉਠਾਇਆ ਹੈ। ਉਨ੍ਹਾਂ ਨੇ ਕੌਮੀ ਰਾਜਧਾਨੀ ਦਿੱਲੀ ਵਿੱਚ ਪ੍ਰਦੂਸ਼ਣ ਦਾ ਪੱਧਰ ਵਧਣ ਲਈ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਉਣ ਨੂੰ ਬੇਤੁਕਾ ਕਰਾਰ ਦਿੱਤਾ ਹੈ।

ਕੈਪਟਨ ਨੇ ਕਿਹਾ ਹੈ ਕਿ ਆਪ ਸਿਆਸੀ ਡਰਾਮੇਬਾਜ਼ੀ ਛੱਡ ਅੰਕੜਿਆਂ ’ਤੇ ਝਾਤ ਪਾਵੇ। ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਆਪਣੀ ਸਰਕਾਰ ਦੀਆਂ ਹੋਰ ਨਾਕਾਮੀਆਂ ’ਤੇ ਪਰਦਾ ਪਾਉਣ ਲਈ ਅਜਿਹੇ ਬਿਆਨ ਦੇ ਕੇ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕੈਪਟਨ ਨੇ ਕਿਹਾ ਕਿ ਅੰਕੜਿਆਂ ਤੇ ਤੱਥਾਂ ਵਿੱਚ ਅਜਿਹਾ ਕੁਝ ਨਜ਼ਰ ਨਹੀਂ ਆਉਂਦਾ।

ਮੁੱਖ ਮੰਤਰੀ ਨੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਦਾ ਮਾਪਦੰਡ (ਏਕਿਊਆਈ) ਹਰੇਕ ਸਾਲ ਦਸੰਬਰ ਤੇ ਜਨਵਰੀ ਦੌਰਾਨ 300 ਤੋਂ ਜ਼ਿਆਦਾ ਰਹਿੰਦਾ ਹੈ ਜਦਕਿ ਗੁਆਂਢੀ ਸੂਬਿਆਂ ਵਿੱਚ ਉਸ ਸਮੇਂ ਪਰਾਲੀ ਨਹੀਂ ਸਾੜੀ ਜਾਂਦੀ। ਉਨ੍ਹਾਂ ਕਿਹਾ ਕਿ ਇਸ ਤੋਂ ਸਪੱਸ਼ਟ ਹੈ ਕਿ ਦਿੱਲੀ ਆਪਣੇ ਪ੍ਰਦੂਸ਼ਣ ਲਈ ਆਪ ਜ਼ਿੰਮੇਵਾਰ ਹੈ।

ਉਨ੍ਹਾਂ ਕਿਹਾ ਕਿ ਕੌਮੀ ਰਾਜਧਾਨੀ ਵਿਚ ਵੱਡੀ ਗਿਣਤੀ ਵਾਹਨਾਂ, ਨਿਰਮਾਣ ਤੇ ਸਨਅਤੀ ਗਤੀਵਿਧੀਆਂ, ਬਿਜਲੀ ਪਲਾਂਟਾਂ, ਮਿਉਂਸੀਪਲ ਰਹਿੰਦ-ਖੂੰਹਦ ਸਾੜਨ ਕਰਕੇ ਅਜਿਹਾ ਮਾਹੌਲ ਬਣਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮੌਸਮ ਵਿਭਾਗ ਦੀ ਹਵਾ ਪ੍ਰਦੂਸ਼ਣ ਬਾਰੇ ਤਾਜ਼ਾ ਰਿਪੋਰਟ ਅਨੁਸਾਰ ਦਿੱਲੀ-ਐਨਸੀਆਰ ਦੀਆਂ ਹਵਾਵਾਂ ਉੱਤਰ-ਦੱਖਣ ਤੋਂ ਪੂਰਬ ਵੱਲ ਬਦਲ ਚੁੱਕੀਆਂ ਹਨ। ਇਸ ਕਰਕੇ ਪੰਜਾਬ ਤੇ ਹਰਿਆਣਾ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਦਾ ਕੋਈ ਬਹੁਤਾ ਪ੍ਰਭਾਵ ਨਹੀਂ ਹੈ। ਦਿੱਲੀ ਦੀ ਹਵਾ ਦੀ ਗੁਣਵੱਤਾ ਅਜੇ ਵੀ ‘ਬਹੁਤ ਖਰਾਬ’ ਪੱਧਰ ’ਤੇ ਹੈ।

ਵੇਰਵਿਆਂ ਮੁਤਾਬਕ ਤਾਪਮਾਨ ਘਟਣ ਤੇ ਹਵਾ ਦੇ ਵੇਗ ਕਾਰਨ ਵਾਤਾਵਰਨ ਵਿੱਚ ਪ੍ਰਦੂਸ਼ਿਤ ਕਣ ਖਿੰਡ ਨਹੀਂ ਪਾਉਂਦੇ ਜੋ ਉੱਤਰੀ ਭਾਰਤ ਵਿੱਚ ਬਹੁਤੀਆਂ ਥਾਵਾਂ ’ਤੇ ਏਕਿਊਆਈ ਵਿਚ ਵਾਧੇ ਦਾ ਮੁੱਖ ਕਾਰਨ ਬਣਦਾ ਹੈ। ਇਸ ਤੋਂ ਇਲਾਵਾ ਐਨਸੀਆਰ ਵਿਚ ਵੀ ਏਕਿਊਆਈ 400 ਤੱਕ ਪਹੁੰਚ ਜਾਂਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ 3 ਨਵੰਬਰ ਤੱਕ ਪਰਾਲੀ ਸਾੜਨ ਦੇ 25,394 ਮਾਮਲੇ ਸਾਹਮਣੇ ਆਏ ਹਨ ਜਦਕਿ ਪਿਛਲੇ ਸਾਲ ਇਸ ਵੇਲੇ ਤੱਕ 30,832 ਮਾਮਲੇ ਸਨ। ਕੈਪਟਨ ਨੇ ਦਾਅਵਾ ਕੀਤਾ ਕਿ ਝੋਨੇ ਹੇਠਲੇ ਰਕਬੇ ਵਿੱਚ ਪ੍ਰਤੀ ਲੱਖ ਏਕੜ 390 ਘਟਨਾਵਾਂ ਪਰਾਲੀ ਸਾੜਨ ਦੀਆਂ ਵਾਪਰੀਆਂ ਹਨ ਜੋ ਮਾਮੂਲੀ ਹਨ।