ਚੰਡੀਗੜ੍ਹ: ਝੋਨੇ ਦੇ ਮਾੜੇ ਖਰੀਦ ਪ੍ਰਬੰਧਾਂ ਤੋਂ ਅੱਕੇ ਕਿਸਾਨਾਂ ਨੇ ਅੱਜ ਸੜਕਾਂ ਮੱਲ ਲਈਆਂ। ਸੱਤ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਦੁਪਹਿਰ 12 ਤੋਂ 3 ਵਜੇ ਤੱਕ ਪੰਜਾਬ ਭਰ ਵਿੱਚ ਕੌਮੀ ਰਾਜ ਮਾਰਗ ਜਾਮ ਕਰ ਦਿੱਤੇ ਗਏ। ਇਸ ਨਾਲ ਆਵਾਜਾਈ ਪ੍ਰਬੰਧ ਲੜਖੜਾ ਗਏ।

ਹਾਸਲ ਜਾਣਕਾਰੀ ਮੁਤਾਬਕ ਕਿਸਾਨਾਂ ਵੱਲੋਂ ਜ਼ਿਲ੍ਹਾ ਸੰਗਰੂਰ ਵਿੱਚ ਸੱਤ ਥਾਈਂ ਜਾਮ ਲਾਇਆ ਗਿਆ। ਕਿਸਾਨਾਂ ਵੱਲੋਂ ਲੁਧਿਆਣਾ-ਸੰਗਰੂਰ, ਆਈ.ਆਈ.ਟੀ.ਆਈ ਚੌਂਕ ਸੁਨਾਮ, ਸੰਗਰੂਰ-ਦਿੱਲੀ, ਸੰਗਰੂਰ-ਚੰਡੀਗੜ੍ਹ, ਮਲੇਰਕੋਟਲਾ-ਲੁਧਿਆਣਾ, ਲਹਿਰਾ-ਜਾਖ਼ਲ ਤੇ ਸੰਗਰੂਰ-ਬਰਨਾਲਾ ਮੁੱਖ ਮਾਰਗਾਂ ਜਾਮ ਕੀਤੇ ਗਏ।

ਕਿਸਾਨ ਨੇ ਮੰਗ ਕੀਤੀ ਕਿ ਝੋਨੇ ਦੀ ਖ਼ਰੀਦ 'ਚ ਨਮੀ ਦੀ ਮਾਤਰਾ ਦੀ ਸੀਮਾ 17 ਤੋਂ ਵਧਾ ਕੇ 24 ਪ੍ਰਤੀਸ਼ਤ ਕੀਤੀ ਜਾਵੇ। ਨਿਰਵਿਘਨ ਖਰੀਦ ਸ਼ੁਰੂ ਕੀਤੀ ਜਾਵੇ। ਝੋਨੇ ਦੀ ਖਰੀਦ ਮੌਕੇ ਸ਼ੈਲਰ ਮਾਲਕਾਂ ਦੀ ਦਖਲਅੰਦਾਜੀ ਬੰਦ ਕੀਤੀ ਜਾਵੇ। ਡਿਜ਼ੀਟਲ ਕੰਡਿਆਂ ਦੀ ਵਰਤੋਂ ਕੀਤੀ ਜਾਵੇ। ਪਰਾਲੀ ਸਾੜਨ ਤੋਂ ਬਿਨਾਂ ਸਾਂਭਣ ਦੇ ਵਾਧੂ ਖਰਚਿਆਂ ਵਜੋਂ ਝੋਨੇ ਉਪਰ 200 ਰੁਪਏ ਪ੍ਰਤੀ ਕੁਇੰਟਲ ਬੋਨਸ ਦਿੱਤਾ ਜਾਵੇ।