ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਦੇ ਅਸਤੀਫ਼ਿਆਂ ਦੀ ਮੰਗ ਜ਼ੋਰ ਫੜਦੀ ਜਾ ਰਹੀ ਹੈ। ਪਹਿਲਾਂ ਤਾਂ ਵਿਰੋਧੀ ਪੰਥਕ ਧਿਰਾਂ ਹੀ ਇਨ੍ਹਾਂ ਲੀਡਰਾਂ ਨੂੰ ਬੇਅਦਬੀ ਤੇ ਪੰਥਕ ਸੰਕਟ ਲਈ ਜ਼ਿੰਮੇਵਾਰ ਕਰਾਰ ਦਿੰਦਿਆਂ ਇਨ੍ਹਾਂ ਦੇ ਅਸਤੀਫੇ ਮੰਗ ਰਹੀਆਂ ਸੀ ਪਰ ਹੁਣ ਟਕਸਾਲੀ ਅਕਾਲੀ ਵੀ ਸਖਬੀਰ-ਮਜੀਠੀਆ ਜੋੜੀ ਖਿਲਾਫ ਡਟ ਗਏ ਹਨ।
ਐਤਵਾਰ ਨੂੰ ਚੋਹਲਾ ਸਹਿਬ ਵਿੱਚ ਵੱਡਾ ਇਕੱਠ ਕਰਦਿਆਂ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਸ੍ਰੀ ਬ੍ਰਹਮਪੁਰਾ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਬਰਗਾੜੀ ਵਿੱਚ ਬੇਦੋਸ਼ੇ ਸਿੱਖਾਂ ’ਤੇ ਗੋਲੀਆਂ ਚਲਾਉਣ ਲਈ ਸਿੱਧੇ ਤੌਰ ’ਤੇ ਸੁਖਬੀਰ ਬਾਦਲ ਤੇ ਮਜੀਠੀਆ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਤੇ ਮਜੀਠੀਆ ਨੇ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਭੰਗ ਕੀਤੀ ਹੈ।
ਦਿਲਚਸਪ ਗੱਲ ਹੈ ਕਿ ਬ੍ਰਹਮਪੁਰਾ ਦੇ ਅਜੇ ਵੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਪ੍ਰਤੀ ਸੁਰ ਨਰਮ ਹਨ। ਉਨ੍ਹਾਂ ਕਿਹਾ ਕਿ ਬਾਦਲ ਨੇ ਉਨ੍ਹਾਂ ਦੇ ਕਹਿਣ ’ਤੇ ਬਹੁਤ ਸਾਰੇ ਕੰਮ ਕੀਤੇ ਪਰ ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਦੇਣ, ਬਰਗਾੜੀ ਕਾਂਡ ਜਿਹੇ ਮੁੱਦਿਆਂ ’ਤੇ ਉਹ ਕੁਝ ਨਹੀਂ ਬੋਲੇ। ਉਨ੍ਹਾਂ ਕਿਹਾ ਕਿ ਖਣਨ, ਭੂਮੀ, ਕੇਬਲ, ਸ਼ਰਾਬ ਆਦਿ ਮਾਫੀਏ ਕਰਕੇ ਸਰਕਾਰ ਦੇ ਬਦਨਾਮ ਹੋਣ ਬਾਰੇ ਵੀ ਉਨ੍ਹਾਂ ਬਾਦਲ ਨੂੰ ਸੁਚੇਤ ਕੀਤਾ ਸੀ ਪਰ ਇਨ੍ਹਾਂ ਗੱਲਾਂ ਵੱਲ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਬਾਦਲਾਂ ਨੇ ਅਕਾਲ ਤਖ਼ਤ ਸਾਹਿਬ ਤੱਕ ਨੂੰ ਆਪਣੀ ਮੁੱਠੀ ਵਿੱਚ ਕੀਤਾ ਹੋਇਆ ਹੈ।
ਉਧਰ, ਸੀਨੀਅਰ ਲੀਡਰ ਸੇਵਾ ਸਿੰਘ ਸੇਖਵਾਂ ਨੇ ਵੀ ਬ੍ਰਹਮਪੁਰਾ ਵਾਲੀ ਹੀ ਰਣਨੀਤੀ ਅਪਣਾਈ ਹੋਈ ਹੈ। ਉਹ ਵੀ ਸਖਬੀਰ-ਮਜੀਠੀਆ ਜੋੜੀ ਖਿਲਾਫ ਡਟੇ ਹੋਏ ਹਨ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਅਕਾਲੀ ਦਲ ਦੇ ਹੋਰ ਲੀਡਰ ਵੀ ਇਹ ਮੰਗ ਦੀ ਹਮਾਇਤ ਕਰ ਸਕਦੇ ਹਨ। ਬੇਸ਼ੱਕ ਇੱਕ ਪਾਸੇ ਸੁਖਬੀਰ ਬਾਦਲ ਨੇ ਆਪਣੇ ਪੱਖ ਵਿੱਚ ਹਵਾ ਬਣਾਉਣ ਦੀ ਕਵਾਇਦ ਵਿੱਢੀ ਹੋਈ ਹੈ ਪਰ ਸੀਨੀਅਰ ਲੀਡਰਾਂ ਵੱਲੋਂ ਸਿਰਫ ਸਖਬੀਰ-ਮਜੀਠੀਆ ਜੋੜੀ ਨੂੰ ਨਿਸ਼ਾਨਾ ਬਣਾਉਣਾ ਪਾਰਟੀ ਅੰਦਰ ਰੋਸ ਪ੍ਰਚੰਡ ਕਰ ਸਕਦਾ ਹੈ।