ਰੂਪਨਗਰ: ਆਮ ਆਦਮੀ ਪਾਰਟੀ (ਆਪ) ਦੇ ਬਾਗੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਐਤਵਾਰ ਨੂੰ ਟੌਲ ਪਲਾਜ਼ਾ ਵਾਲਿਆਂ ਨਾਲ ਪੰਗਾ ਲੈ ਲਿਆ। ਉਨ੍ਹਾਂ ਨੇ ਲੰਮੀਆਂ ਕਤਾਰਾਂ ਵਿੱਚ ਫਸੇ ਲੋਕਾਂ ਨੂੰ ਵੇਖ ਬਿਨਾ ਪਰਚੀ ਹੀ ਵਾਹਨ ਲੰਘਾ ਦਿੱਤੇ। ਟੌਲ ਪਲਾਜ਼ਾ ਵਾਲਿਆਂ ਨੇ ਬਥੇਰੇ ਹੱਥ-ਪੈਰ ਮਾਰੇ ਪਰ ਉਨ੍ਹਾਂ ਦੀ ਕੋਈ ਪੇਸ਼ ਨਾ ਚੱਲੀ।


ਦਰਅਸਲ ਚੰਡੀਗੜ੍ਹ-ਜਲੰਧਰ ਕੌਮੀ ਮਾਰਗ ’ਤੇ ਪਿੰਡ ਸੋਲਖੀਆਂ ਨੇੜੇ ਬਣੇ ਟੌਲ ਪਲਾਜ਼ਾ 'ਤੇ ਟ੍ਰੈਫਿਕ ਜਾਮ ਲੱਗਾ ਹੋਇਆ ਸੀ। ਖਹਿਰਾ ਨੇ ਕਤਾਰ ਵਿੱਚ ਖੜ੍ਹੀਆਂ ਗੱਡੀਆਂ ਬਿਨਾ ਟੈਕਸ ਲੰਘਾ ਦਿੱਤੀਆਂ। ਇਸ ਤੋਂ ਬਾਅਦ ਟੌਲ ਕੰਪਨੀ ਨੇ ਖਹਿਰਾ ਵਿਰੁੱਧ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ।

ਦੂਜੇ ਪਾਸੇ ਖਹਿਰਾ ਦਾ ਕਹਿਣਾ ਹੈ ਕਿ ਉਨ੍ਹਾਂ ਟੌਲ ਪਲਾਜ਼ਾ ਇਸ ਲਈ ਖੁੱਲ੍ਹਵਾਇਆ ਕਿਉਂਕਿ ਉੱਥੇ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੀ ਉਲੰਘਣਾ ਹੋ ਰਹੀ ਸੀ। ਉਨ੍ਹਾਂ ਕਿਹਾ ਕਿ ਲੋਕ ਲੰਮੀਆਂ ਕਤਾਰਾਂ ਵਿੱਚ ਇੰਤਜ਼ਾਰ ਕਰਨ ਲਈ ਮਜਬੂਰ ਸਨ। ਉਨ੍ਹਾਂ ਦੱਸਿਆ ਕਿ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਟੌਲ ਪਲਾਜ਼ਾ ’ਤੇ ਵਾਹਨ ਨੂੰ ਦੋ ਮਿੰਟ ਤੋਂ ਵੱਧ ਉਡੀਕ ਨਹੀਂ ਕਰਵਾਈ ਜਾ ਸਕਦੀ।

ਖਹਿਰਾ ਨੇ ਸਵਾਲ ਉਠਾਇਆ ਕਿ ਜਦ ਗੱਡੀ ਦੀ ਰਜਿਸਟ੍ਰੇਸ਼ਨ ਮੌਕੇ ਰੋਡ ਟੈਕਸ ਲਿਆ ਜਾਂਦਾ ਹੈ ਤਾਂ ਫਿਰ ਟੌਲ ਲੈਣ ਦੀ ਕੋਈ ਤੁੱਕ ਨਹੀਂ ਬਣਦੀ। ਉਨ੍ਹਾਂ ਕਿਹਾ ਕਿ ਇਹ ਕੇਵਲ ਭਾਰਤ ਤੇ ਪੰਜਾਬ ਵਿੱਚ ਹੀ ਨਜ਼ਰ ਆਉਂਦਾ ਹੈ, ਜਿੱਥੇ 25-25 ਕਿਲੋਮੀਟਰ ’ਤੇ ਟੌਲ ਪਲਾਜ਼ਾ ਹਨ ਜਦਕਿ ਪੱਛਮੀ ਮੁਲਕਾਂ ਵਿੱਚ 100 ਮੀਲ ਤੋਂ ਬਾਅਦ ਕੋਈ ਟੌਲ ਪਲਾਜ਼ਾ ਆਉਂਦਾ ਹੈ।