ਗਗਨਦੀਪ ਸ਼ਰਮਾ, ਅੰਮ੍ਰਿਤਸਰ : ਅੰਮ੍ਰਿਤਸਰ ਦੇ ਸਪਰਿੰਗ ਡੇਲ ਸਕੂਲ ਨੂੰ 16 ਸਤੰਬਰ ਨੂੰ ਬੰਬ ਨਾਲ ਉਡਾਉਣ ਵਾਲੇ ਮੈਸੇਜ ਦਾ ਕੇਸ ਵੀ ਅੰਮ੍ਰਿਤਸਰ ਪੁਲਿਸ ਨੇ ਹੱਲ ਕਰ ਲਿਆ ਹੈ ਪਰ ਇਸ ਵਾਰ ਪੁਲਿਸ ਪਿਛਲੀ ਵਾਰ ਵਰਤੀ ਗਈ ਨਰਮੀ ਦੇ ਉਲਟ ਸਖਤ ਕਾਰਵਾਈ ਕਰਦਿਆਂ ਇਸ ਵਾਰ ਧਮਕੀ ਭਰਿਆ ਮੈਸੇਜ ਬਣਾਉਣ ਤੇ ਭੇਜਣ ਵਾਲੇ ਦੋਵਾਂ ਵਿਦਿਆਰਥੀਆਂ ਦੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਇਸ ਸੰਬੰਧੀ ਅੰਮ੍ਰਿਤਸਰ ਥਾਣਾ ਸਦਰ 'ਚ ਜੇਰੇ ਦਫਾ 153A, 505, 507 ਆਈਪੀਸੀ ਤੇ 66ਅੇੈਫ ਆਈਟੀ ਅੇੈਕਟ 2000 ਤਹਿਤ ਮਾਮਲਾ ਦਰਜ ਕੀਤਾ ਹੈ।
ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਅਰੁਣਪਾਲ ਸਿੰਘ ਵੱਲੋਂ ਸਾਂਝੀ ਕੀਤੀ ਜਾਣਕਾਰੀ ਮੁਤਾਬਕ ਪੁਲਿਸ ਨੇ ਡੀਸੀਪੀ (ਇਨਵੈਸਟੀਗੇਸ਼ਨ) ਮੁਖਵਿੰਦਰ ਸਿੰਘ ਭੁੱਲਰ ਦੀ ਅਗਵਾਈ 'ਚ ਫੌਰੀ ਤੌਰ 'ਤੇ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਇਹ ਮੈਸੇਜ, ਜਿਸ 'ਚ 16 ਸਤੰਬਰ ਨੂੰ ਸਪਰਿੰਗ ਡੇਲ ਸਕੂਲ 'ਚ ਬੰਬ ਧਮਾਕਾ ਹੋਣ ਦਾ ਜਿਕਰ ਕੀਤਾ ਸੀ, ਸਕੂਲ ਦੇ ਦਸਵੀਂ ਜਮਾਤ ਦੇ ਦੋ ਵਿਦਿਆਰਥੀਆਂ ਕ੍ਰਿਸ਼ਨਵ ਮਰਵਾਹਾ ਤੇ ਇਸ਼ਮੀਤ ਸਿੰਘ ਨੇ ਤਿਆਰ ਕੀਤਾ ਸੀ ਤੇ ਏਨਾ ਦਾ ਮਕਸਦ ਸਕੂਲ 'ਚ ਚੱਲ ਰਹੀਆਂ ਪ੍ਰੀਖਿਆਂ ਨੂੰ ਰੱਦ ਕਰਵਾਉਣਾ ਸੀ ਤੇ 16 ਸਤੰਬਰ ਨੂੰ ਛੁੱਟੀ ਕਰਵਾਉਣਾ ਸੀ, ਕਿਉੰਕਿ ਇਸ ਦਿਨ ਗਣਿਤ ਦੀ ਪ੍ਰੀਖਿਆ ਸੀ।
ਇਹ ਵੀ ਪੜ੍ਹੋ : ਆਟੋ 'ਚ ਜਾ ਰਹੇ ਕੇਜਰੀਵਾਲ ਦੀ ਅਹਿਮਦਾਬਾਦ ਪੁਲਿਸ ਨਾਲ ਹੋਈ ਬਹਿਸ , ਆਟੋ ਡਰਾਈਵਰ ਦੇ ਘਰ ਡਿਨਰ ਲਈ ਜਾ ਰਹੇ ਸੀ
ਡੀਸੀਪੀ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਸੰਬੰਧੀ ਦੋਵਾਂ ਵਿਦਿਆਰਥੀਆਂ ਦੇ ਪਿਤਾ ਰੋਹਿਤ ਮਰਵਾਹਾ ਵਾਸੀ ਸੂਰਜ ਇਨਕਲੇਵ ਤੇ ਦਵਿੰਦਰ ਸਿੰਘ ਵਾਸੀ ਬਸੰਤ ਅੇੈਵਨਿਊ ਨੂੰ ਗ੍ਰਿਫਤਾਰ ਕਰ ਲਿਆ ਹੈ, ਕਿਉੰਕਿ ਜਿਨਾਂ ਸਿਮਾਂ ਰਾਹੀਂ ਇਹ ਮੈਸੇਜ ਫੈਲਾਇਆ ਗਿਆ ਸੀ ਉਹ ਸਿਮਾਂ ਉਕਤ ਵਿਅਕਤੀਆਂ ਦੇ ਨਾਮ 'ਤੇ ਰਜਿਸਟਰਡ ਹਨ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਡੀਏਵੀ ਪਬਲਿਕ ਸਕੂਲ ਦੇ ਮਾਮਲੇ 'ਚ ਜਿਨਾਂ ਵਿਦਿਆਰਥੀਆਂ ਨੇ ਧਮਕੀ ਭਰਿਆ ਮੈਸੇਜ ਫੈਲਾਇਆ ਸੀ, ਪੁਲਿਸ ਨੇ ਉਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਤੋੰ ਗੁਰੇਜ ਕੀਤਾ ਸੀ ਤਾਂਕਿ ਬੱਚਿਆਂ ਦਾ ਇਸ ਸ਼ਰਾਰਤ ਨਾਲ ਭਵਿੱਖ ਖਰਾਬ ਨ ਹੋਵੇ ਪਰ ਦੂਜੀ ਘਟਨਾ ਵਾਪਰਦੇ ਹੀ ਪੁਲਿਸ ਨੇ ਸਖਤ ਰੁਖ ਦਿਖਾਇਆ ਤੇ ਦੋਵਾਂ ਵਿਦਿਆਰਥੀਆਂ ਦੇ ਪਿਤਾ ਹੀ ਗ੍ਰਿਫਤਾਰ ਕਰ ਲਏ।