Arvind Kejriwal In Gujarat : ਗੁਜਰਾਤ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਕਰ ਰਹੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੁਲਿਸ ਵਿਚਾਲੇ ਉਸ ਸਮੇਂ ਬਹਿਸ ਹੋ ਗਈ ,ਜਦੋਂ ਉਹ ਆਟੋ 'ਚ ਜਾ ਰਹੇ ਸਨ। ਅਰਵਿੰਦ ਕੇਜਰੀਵਾਲ ਨੂੰ ਪੁਲਿਸ ਨੇ ਸੁਰੱਖਿਆ ਕਾਰਨਾਂ ਕਰਕੇ ਅਹਿਮਦਾਬਾਦ ਵਿੱਚ ਇੱਕ ਆਟੋ-ਰਿਕਸ਼ਾ ਚਾਲਕ ਦੇ ਘਰ ਜਾਣ ਤੋਂ ਰੋਕ ਦਿੱਤਾ। ਹਾਲਾਂਕਿ ਗੁਜਰਾਤ ਪੁਲਿਸ ਨੇ ਕੁਝ ਸਮੇਂ ਬਾਅਦ ਉਨ੍ਹਾਂ ਨੂੰ ਜਾਣ ਦਿੱਤਾ। ਇਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ।


ਦਰਅਸਲ 'ਚ ਕੇਜਰੀਵਾਲ ਅਹਿਮਦਾਬਾਦ ਵਿੱਚ ਇੱਕ ਆਟੋ-ਰਿਕਸ਼ਾ ਚਾਲਕ ਦੇ ਘਰ ਖਾਣਾ ਖਾਣ ਲਈ ਜਾ ਰਹੇ ਸਨ ਪਰ ਪੁਲਿਸ ਨੇ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੂੰ ਰੋਕ ਲਿਆ। ਇਸ ਦੌਰਾਨ ਬਹਿਸ ਛਿੜ ਗਈ। ਵੀਡੀਓ ਵਿੱਚ ਸੁਣਿਆ ਜਾ ਸਕਦਾ ਹੈ ਕਿ ਸੀਐਮ ਕੇਜਰੀਵਾਲ ਕਹਿ ਰਹੇ ਹਨ ਕਿ ਤੁਸੀਂ ਮੈਨੂੰ ਕੈਦ ਕਰ ਰਹੇ ਹੋ। ਮੈਂ ਆਮ ਬੰਦਾ ਹਾਂ, ਸਾਨੂੰ ਸੁਰੱਖਿਆ ਨਹੀਂ ਚਾਹੀਦੀ। ਹਾਲਾਂਕਿ ਬਾਅਦ 'ਚ ਅਰਵਿੰਦ ਕੇਜਰੀਵਾਲ ਆਟੋ ਚਾਲਕ ਦੇ ਘਰ ਗਏ ਅਤੇ ਆਟੋ ਚਾਲਕ ਦੇ ਘਰ ਖਾਣਾ ਖਾਧਾ।

 


ਵੀਡੀਓ 'ਚ ਪੁਲਿਸ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਕੇਜਰੀਵਾਲ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਕੇਜਰੀਵਾਲ ਕਹਿ ਰਹੇ ਹਨ ਕਿ ਇਸ ਲਈ ਗੁਜਰਾਤ ਸੂਬੇ ਦੇ ਲੋਕ ਦੁਖੀ ਹਨ, ਕਿਉਂਕਿ ਨੇਤਾ ਲੋਕਾਂ ਵਿਚ ਨਹੀਂ ਜਾਂਦੇ ਅਤੇ ਜੇਕਰ ਅਸੀਂ ਲੋਕਾਂ ਵਿਚ ਜਾ ਰਹੇ ਹਾਂ ਤਾਂ ਤੁਸੀਂ ਸਾਨੂੰ ਰੋਕ ਰਹੇ ਹੋ। ਤੁਹਾਡੇ ਪ੍ਰੋਟੋਕੋਲ ਨੇ ਜਨਤਾ ਨੂੰ ਨਾਖੁਸ਼ ਰੱਖਿਆ ਹੈ। ਕੇਜਰੀਵਾਲ ਵਾਰ-ਵਾਰ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਪੁਲਿਸ ਸੁਰੱਖਿਆ ਦੀ ਲੋੜ ਨਹੀਂ ਹੈ।  

 

ਕੀ ਹੈ ਪੂਰਾ ਮਾਮਲਾ 

ਕੇਜਰੀਵਾਲ ਨੇ ਸੋਮਵਾਰ ਨੂੰ ਗੁਜਰਾਤ ਦੇ ਅਹਿਮਦਾਬਾਦ ਵਿੱਚ ਆਟੋ ਰਿਕਸ਼ਾ ਚਾਲਕਾਂ ਦੇ ਇੱਕ ਇਕੱਠ ਨੂੰ ਸੰਬੋਧਨ ਕੀਤਾ ਸੀ। ਇਸ ਦੌਰਾਨ ਇਕ ਡਰਾਈਵਰ ਨੇ ਉਨ੍ਹਾਂ ਨੂੰ ਆਪਣੇ ਘਰ ਰਾਤ ਦਾ ਖਾਣਾ ਖਾਣ ਦੀ ਬੇਨਤੀ ਕੀਤੀ, ਜਿਸ ਨੂੰ ਕੇਜਰੀਵਾਲ ਨੇ ਤੁਰੰਤ ਸਵੀਕਾਰ ਕਰ ਲਿਆ। ਪਾਰਟੀ ਦੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਉਨ੍ਹਾਂ ਦੀ ਗੱਲਬਾਤ ਦਾ ਵੀਡੀਓ ਵੀ ਸਾਂਝਾ ਕੀਤਾ ਗਿਆ ਹੈ।

ਵੀਡੀਓ 'ਚ ਆਟੋ ਚਾਲਕ ਕੇਜਰੀਵਾਲ ਨੂੰ ਰਾਤ ਦੇ ਖਾਣੇ 'ਤੇ ਸੱਦਾ ਦਿੰਦਾ ਨਜ਼ਰ ਆ ਰਿਹਾ ਹੈ। ਉਸ ਨੇ ਕਿਹਾ- ਸਰ ਮੇਰਾ ਨਾਮ ਵਿਕਰਮ ਦੱਤਾਨੀ ਹੈ ਅਤੇ ਮੈਂ ਤੁਹਾਡਾ ਬਹੁਤ ਵੱਡਾ ਫੈਨ ਹਾਂ। ਮੈਂ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਦੇਖੀ ਜਿਸ ਵਿੱਚ ਤੁਸੀਂ ਪੰਜਾਬ ਵਿੱਚ ਇੱਕ ਆਟੋ ਚਾਲਕ ਦੇ ਘਰ ਰਾਤ ਦਾ ਖਾਣਾ ਖਾ ਰਹੇ ਹੋ। ਉਸ ਨੇ ਪੁੱਛਿਆ ਕਿ ਮੈਂ ਗੁਜਰਾਤੀ ਹਾਂ, ਤੁਸੀਂ ਮੇਰੇ ਘਰ ਰਾਤ ਦੇ ਖਾਣੇ ਲਈ ਆਓਗੇ?
 

ਦੱਸ ਦੇਈਏ ਕਿ ਗੁਜਰਾਤ 'ਚ ਇਸ ਸਾਲ ਦੇ ਅੰਤ ਤੱਕ ਚੋਣਾਂ ਹੋਣੀਆਂ ਹਨ ਅਤੇ 'ਆਪ' ਸੂਬੇ 'ਚ ਆਪਣੀ ਸਰਕਾਰ ਬਣਾਉਣ ਦੀ ਤਿਆਰੀ ਕਰ ਰਹੀ ਹੈ। ਉਹ ਪਿਛਲੇ ਕੁਝ ਮਹੀਨਿਆਂ ਵਿੱਚ ਕਈ ਵਾਰ ਗੁਜਰਾਤ ਦਾ ਦੌਰਾ ਕਰ ਚੁੱਕੇ ਹਨ। ਇਸ ਦੌਰਾਨ ਕੇਜਰੀਵਾਲ ਨੇ ਔਰਤਾਂ ਅਤੇ ਬੇਰੁਜ਼ਗਾਰ ਨੌਜਵਾਨਾਂ ਲਈ ਭੱਤੇ, ਮਿਆਰੀ ਸਿਹਤ ਸੇਵਾਵਾਂ ਅਤੇ ਸਿੱਖਿਆ ਅਤੇ 300 ਯੂਨਿਟ ਤੱਕ ਮੁਫਤ ਬਿਜਲੀ ਸਮੇਤ ਕਈ ਐਲਾਨ ਕੀਤੇ ਹਨ।