ਅੰਮ੍ਰਿਤਸਰ: ਜ਼ਿਲ੍ਹੇ ਦੇ ਜੰਡਿਆਲਾ ਗੁਰੂ ਕਸਬੇ ਵਿੱਚ ਗੰਨ ਹਾਊਸ ਤੋਂ ਵੱਡੀ ਮਾਤਰਾ ਵਿੱਚ ਹਥਿਆਰ ਚੋਰੀ ਹੋ ਗਏ। ਤਿੰਨ ਦਿਨ ਬੀਤਣ ਮਗਰੋਂ ਵੀ ਪੁਲਿਸ ਦੇ ਹੱਥ ਖਾਲੀ ਹਨ। ਪੁਲਿਸ ਹਾਲੇ ਵੀ ਕਿਸੇ ਅੰਜਾਮ ਤੱਕ ਨਹੀਂ ਪਹੁੰਚ ਸਕੀ। ਭਾਵੇਂਕਿ ਪੁਲਿਸ ਦੇ ਉੱਚ ਅਧਿਕਾਰੀ ਲਗਾਤਾਰ ਮੌਕੇ ਦਾ ਦੌਰਾ ਕਰਕੇ ਇਸ ਕੇਸ ਨੂੰ ਕ੍ਰੈਕ ਕਰਨ ਦਾ ਦਾਅਵਾ ਕਰ ਰਹੇ ਹਨ ਪਰ ਹਾਲੇ ਤੱਕ ਕਿਸੇ ਵੀ ਨਤੀਜੇ ਤੱਕ ਪੁਲਿਸ ਨਹੀਂ ਪਹੁੰਚੀ।


ਅੰਮ੍ਰਿਤਸਰ ਜ਼ਿਲ੍ਹੇ ਦੇ ਜੰਡਿਆਲਾ ਗੁਰੂ ਦੇ ਐਕਸ ਬੀਰ ਸਿੰਘ ਗੰਨ ਹਾਊਸ ਦੇ ਮਾਲਕ ਸਤਬੀਰ ਸਿੰਘ ਨੇ ਦੱਸਿਆ ਕਿ ਉਹ ਬੀਤੇ ਸਨਿੱਚਰਵਾਰ ਆਪਣੀ ਦੁਕਾਨ ਸ਼ਾਮ ਪੰਜ ਵਜੇ ਬੰਦ ਕਰਕੇ ਘਰ ਅੰਮ੍ਰਿਤਸਰ ਚਲੇ ਗਏ ਸਨ। ਐਤਵਾਰ ਉਨ੍ਹਾਂ ਨੂੰ ਕਿਸੇ ਨੇ ਦੱਸਿਆ ਕਿ ਦੁਕਾਨ ਨੂੰ ਸੰਨ੍ਹ ਲੱਗੀ ਹੋਈ ਹੈ। ਉਹ ਤੁਰੰਤ ਮੌਕੇ 'ਤੇ ਪਹੁੰਚੇ ਤੇ ਉਨ੍ਹਾਂ ਨੇ ਆ ਕੇ ਦੇਖਿਆ ਤਾਂ ਇੱਕ ਪਾਸੇ ਬਾਹਰੋਂ ਸੰਨ ਲੱਗੀ ਹੋਈ ਸੀ। ਦੂਸਰੇ ਪਾਸੇ ਅੰਦਰੋਂ ਸਟਰਾਂਗ ਰੂਮ ਦੀ ਕੰਧ ਨੂੰ ਵੀ ਸੰਨ੍ਹ ਲੱਗੀ ਹੋਈ ਸੀ। ਦੁਕਾਨ ਦੀ ਜਾਂਚ ਕਰਨ 'ਤੇ ਪਤਾ ਲੱਗਾ ਕਿ ਕੁੱਲ 68 ਹਥਿਆਰ ਗਾਇਬ ਹਨ ਜਿਨ੍ਹਾਂ ਵਿੱਚ ਚੁਰੰਜਾ ਰਿਵਾਲਵਰ ਹਨ ਤੇ ਬਾਕੀ ਦੇ ਪਿਸਤੌਲ ਹਨ। ਸਤਵੀਰ ਸਿੰਘ ਨੇ ਦੱਸਿਆ ਕਿ ਇਹ ਹਥਿਆਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਲਾਕੇ ਦੇ ਲੋਕਾਂ ਨੇ ਉਨ੍ਹਾਂ ਕੋਲ ਜਮ੍ਹਾਂ ਕਰਵਾਏ ਸਨ।

ਦੂਜੇ ਪਾਸੇ ਅੱਜ ਘਟਨਾ ਸਥਾਨ ਦਾ ਮੁਆਇਨਾ ਕਰਨ ਲਈ ਬਾਰਡਰ ਜ਼ੋਨ ਦੇ ਆਈਜੀ ਐਸਪੀਐਸ ਪਰਮਾਰ ਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐਸਐਸਪੀ ਵਿਕਰਮਜੀਤ ਸਿੰਘ ਦੁੱਗਲ ਪਹੁੰਚੇ। ਉਨ੍ਹਾਂ ਨੇ ਸਾਰੀ ਘਟਨਾ ਦੀ ਜਾਂਚ ਕੀਤੀ ਤੇ ਮਾਲਕ ਕੋਲੋਂ ਜਾਣਕਾਰੀ ਵੀ ਹਾਸਲ ਕੀਤੀ। ਇਸ ਬਾਰੇ ਆਈਜੀ ਪਰਮਾਰ ਕੋਈ ਢੁੱਕਵਾਂ ਜਵਾਬ ਨਹੀਂ ਦੇ ਸਕੇ ਤੇ ਉਨ੍ਹਾਂ ਨੇ ਕਿਹਾ ਕਿ ਉਹ ਜਾਂਚ ਕਰ ਰਹੇ ਹਨ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕਿੰਨੇ ਸਮੇਂ ਤੱਕ ਮੁਲਜ਼ਮ ਗ੍ਰਿਫਤਾਰ ਹੋਣਗੇ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਕੋਈ ਦਵਾਈ ਵਾਲਾ ਕੰਮ ਨਹੀਂ ਕਿ ਕਿਸੇ ਨੂੰ ਦਵਾਈ ਦਿੱਤੀ ਤੇ ਕਿੰਨੇ ਚਿਰ ਵਿੱਚ ਫਰਕ ਪੈ ਜਾਵੇਗਾ।