ਸਰਬਜੀਤ ਸਿੰਘ

ਫ਼ਿਰੋਜ਼ਪੁਰ: ਪੰਚਾਇਤੀ ਚੋਣਾਂ ਵਿੱਚ ਅਸਲੇ ਦੀ ਜ਼ੋਰ ਸ਼ੋਰ ਨਾਲ ਵਰਤੋਂ ਹੋ ਸਕਦੀ ਹੈ, ਕਿਉਂਕਿ ਬੇਹੱਦ ਨਾਜ਼ੁਕ ਚੋਣਾਂ ਤੋਂ ਪਹਿਲਾਂ ਪੁਲਿਸ ਲੋਕਾਂ ਤੋਂ ਲਾਈਸੰਸੀ ਹਥਿਆਰ ਜਮ੍ਹਾਂ ਕਰਵਾਉਣ ਵਿੱਚ ਸਫ਼ਲ ਨਹੀਂ ਸਾਬਤ ਹੋ ਰਹੀ। ਪਹਿਲੇ ਦਿਨ ਤੋਂ ਵਿਵਾਦਾਂ ਵਿੱਚ ਰਹੀਆਂ ਪੰਚਾਇਤੀ ਚੋਣਾਂ ਦੀ ਵੋਟਿੰਗ ਭਾਵੇਂ ਕੁਝ ਦਿਨਾਂ ਬਾਅਦ ਹੋਣ ਵਾਲੀਆਂ ਹਨ, ਪਰ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਦੇ ਵਾਰ-ਵਾਰ ਐਲਾਨ ਕਰਨ ਦੇ ਬਾਵਜੂਦ ਹਾਲੇ ਤਕ ਸਿਰਫ਼ 18% ਅਸਲਾ ਹੀ ਜਮ੍ਹਾਂ ਹੋਇਆ ਹੈ।


ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ 25,621 ਅਸਲਾ ਧਾਰਕ ਹਨ, ਜਦਕਿ ਹੁਣ ਤਕ ਸਿਰਫ਼ 6,079 ਲੋਕਾਂ ਵੱਲੋਂ ਆਪਣਾ ਅਸਲਾ ਜਮ੍ਹਾਂ ਕਰਵਾਇਆ ਗਿਆ ਹੈ। ਵੱਡੀ ਗਿਣਤੀ ਵਿੱਚ ਲੋਕਾਂ ਘਰ ਹਥਿਆਰਾਂ ਦੇ ਮੌਜੂਦ ਹੋਣ ਕਾਰਨ ਚੋਣਾਂ ਦੌਰਾਨ ਖਲਬਲੀ ਹੋਣ ਦੇ ਸ਼ੰਕੇ ਹਨ।



ਹਜ਼ਾਰਾਂ ਲੋਕਾਂ ਵੱਲੋਂ ਅਸਲਾ ਜਮ੍ਹਾਂ ਨਾ ਕਰਵਾਉਣ ਸੂਰਤ ਵਿੱਚ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਨਾ ਕਰਨਾ ਪੁਲਿਸ ਪ੍ਰਸ਼ਾਸਨ ਦੀ ਮਜਬੂਰੀ ਹੈ ਜਾਂ ਫਿਰ ਸ਼ਹਿ? ਇਸ ਸਬੰਧੀ ਜਦ ਫ਼ਿਰੋਜ਼ਪੁਰ ਦੇ ਉਪ ਪੁਲਿਸ ਕਪਤਾਨ ਲਖਵੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਸਪੱਸ਼ਟ ਕੀਤਾ ਕਿ ਚੋਣਾਂ ਕਰਕੇ ਸਖ਼ਤ ਪ੍ਰਬੰਧ ਕੀਤੇ ਗਏ ਹਨ ਅਤੇ ਕਿਸੇ ਵੀ ਸ਼ਰਾਰਤੀ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ। ਪਰ ਅਸਲਾ ਜਮ੍ਹਾਂ ਨਾ ਹੋਣ ਦੀ ਸੂਰਤ ਵਿੱਚ ਉਹ ਕਿਸੇ ਵੀ ਕਾਰਵਾਈ ਦੇ ਸਵਾਲ ਤੋਂ ਉਹ ਪੱਲਾ ਝਾੜ ਗਏ।



ਸਿਆਸਤ ਕਰਕੇ ਅਕਸਰ ਹੀ ਪਿੰਡਾਂ ਵਿੱਚ ਲਾਗ-ਡਾਟ ਰਹਿੰਦੀ ਹੀ ਹੈ ਅਤੇ ਹੁਣ ਜਦ ਪੁਲਿਸ ਨੇ ਹਥਿਆਰ ਜਮ੍ਹਾਂ ਨਹੀਂ ਕਰਵਾਏ ਤਾਂ ਚੋਣਾਂ ਦੌਰਾਨ ਮਾੜੀ-ਮੋਟੀ ਲੜਾਈ ਖ਼ੂਨੀ ਹੋਣ ਦਾ ਖਦਸ਼ਾ ਹੈ। ਅਸਲੇ ਤੋਂ ਡਰਦਿਆਂ ਆਮ ਲੋਕ ਵੀ ਵੋਟਿੰਗ ਕਰਨ ਤੋਂ ਕੰਨੀ ਕਤਰਾਉਣਗੇ ਕਿਉਂਕਿ ਉੱਥੇ ਵੋਟਾਂ ਦੌਰਾਨ ਕਦੋਂ, ਕਿੱਥੇ ਤੇ ਕਿਵੇਂ ਗੋਲ਼ੀ ਚੱਲ ਜਾਵੇ, ਕੀ ਪਤਾ ਲੱਗਦਾ। ਹਾਲਾਂਕਿ, ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਪੁਲਿਸ ਨੂੰ ਚੋਣ ਕਮਿਸ਼ਨ ਨੇ ਹਥਿਆਰ ਜਮ੍ਹਾਂ ਕਰਵਾਉਣ ਲਈ ਹੁਕਮ ਨਹੀਂ ਸੀ ਦਿੱਤੇ। ਪਰ ਇਸ ਵਾਰ ਸਰਕਾਰੀ ਹੁਕਮ ਵੀ ਸਨ ਫਿਰ ਵੀ ਪੁਲਿਸ ਨੇ ਹਥਿਆਰਾਂ 'ਤੇ ਸਖ਼ਤੀ ਵਰਤਣ 'ਚ ਢਿੱਲ ਰੱਖੀ ਹੈ।

ਇਹ ਵੀ ਪੜ੍ਹੋ: ਚੋਣਾਂ 'ਚ ਹਥਿਆਰ ਜਮ੍ਹਾਂ ਕਰਾਉਣੇ ਭੁੱਲੀ ਪੁਲਿਸ