ਫਿਰੋਜ਼ਪੁਰ: ਉੜੀ ਹਮਲੇ ਨੂੰ ਲੈ ਕੇ ਭਾਰਤ-ਪਾਕਿ ਸਰਹੱਦ `ਤੇ ਮਾਹੌਲ ਤਣਾਅ ਵਾਲ ਹੈ। ਪੰਜਾਬ ਨਾਲ ਲੱਗਦੀ ਸਰਹੱਦ `ਤੇ ਬੀ.ਐਸ.ਐਫ. ਜਵਾਨਾਂ ਦੀਆਂ ਟੁਕੜੀਆਂ ਵਿੱਚ ਪਹਿਲਾਂ ਹੀ ਵਾਧਾ ਕਰ ਦਿੱਤਾ ਗਿਆ ਸੀ। ਹੁਣ ਆਰਮੀ ਵੱਲੋਂ ਵੀ ਫਿਰੋਜ਼ਪੁਰ ਬਾਰਡਰ ਇਲਾਕੇ ਦੀ ਰੈਕੀ ਕਰਨੀ ਸ਼ੁਰੂ ਕਰਦਿਆਂ ਬੰਕਰਾਂ ਦੀ ਸਾਫ-ਸਫਾਈ ਆਰੰਭ ਦਿੱਤੀ ਹੈ।
ਹਾਲਾਤ ਨੂੰ ਦੇਖਦਿਆਂ ਸਰਹੱਦ ਦੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਵਿਚ ਸਹਿਮ ਦਾ ਮਾਹੌਲ ਹੈ। ਇਹ ਲੋਕ 1965 ਤੇ 1971 ਦੀ ਜੰਗ ਨੂੰ ਯਾਦ ਕਰ ਕਾਫੀ ਫਿਕਰਮੰਦ ਹਨ। ਦੋਵਾਂ ਦੇਸ਼ਾਂ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਕਰਕੇ ਲੋਕਾਂ ਦੀ ਜਾਨ ਮੁੱਠੀ ਵਿੱਚ ਆਈ ਹੋਈ ਹੈ। ਲੜਾਈ ਦੀ ਹਾਲਤ ਵਿੱਚ ਇਨ੍ਹਾਂ ਲੋਕਾਂ ਦੀ ਜ਼ਿੰਦਗੀ ਨਰਕ ਬਣ ਜਾਂਦੀ ਹੈ।
ਲੋਕਾਂ ਦਾ ਕਹਿਣਾ ਹੈ ਕਿ 1971 ਦੌਰਾਨ ਹੋਈ ਭਾਰਤ-ਪਾਕਿ ਜੰਗ ਦੌਰਾਨ ਦੋਵਾਂ ਦੇਸ਼ਾਂ ਦਾ ਕਾਫੀ ਨੁਕਸਾਨ ਹੋਇਆ ਸੀ। ਪਿੰਡ ਰਾਜੋਕੇ ਦੇ ਵਜ਼ੀਰ ਸਿੰਘ ਨੇ ਦੱਸਿਆ ਕਿ 1965 ਵਿੱਚ ਦੀ ਲੜਾਈ ਵਿੱਚ ਆਪਣੀ ਅੱਖੀਂ ਬੰਬਾਰੀ ਨਾਲ ਹੋਈ ਤਬਾਹੀ ਦੇਖ ਚੁੱਕੇ ਹਨ। ਹੁਣ ਉਹ ਵਕਤ ਯਾਦ ਕਰਕੇ ਮਨਾਂ ਵਿੱਚ ਖੌਫ ਪੈਦਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਦੌਰਾਨ ਉਨ੍ਹਾਂ ਨੂੰ ਪਹਿਲਾਂ ਹੀ ਆਪਣੇ ਘਰ ਛੱਡਣੇ ਪਏ ਸਨ ਤੇ ਜੇਕਰ ਹੁਣ ਵੀ ਹਾਲਾਤ ਵਿਗੜਦੇ ਹਨ ਤਾਂ ਉਨ੍ਹਾਂ ਨੂੰ ਮਜ਼ਬੂਰਨ ਆਪਣੇ ਘਰ ਛੱਡਣੇ ਪੈਣਗੇ।
ਮਿਲੀ ਜਾਣਕਾਰੀ ਮੁਤਾਬਕ ਬੀ.ਐਸ.ਐਫ ਤੇ ਆਰਮੀ ਨੇ ਸਰਹੱਦ 'ਤੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਪਿਛਲੇ ਦਿਨ ਤੋਂ ਬੀ.ਐਸ.ਐਫ ਨੇ ਹੂਸੈਨੀਵਾਲਾ ਸਰਹੱਦ `ਤੇ ਜਵਾਨਾਂ ਦੀ ਤਾਇਨਾਤੀ ਵਧਾਉਂਦਿਆਂ ਪੈਟਰੋਲਿੰਗ ਵਿੱਚ ਵਾਧਾ ਕੀਤਾ ਸੀ। ਹੁਣ ਆਰਮੀ ਵੱਲੋਂ ਸਰਹੱਦੀ ਇਲਾਕੇ ਵਿੱਚ ਸਰਗਰਮੀ ਵਧਾ ਦਿੱਤੀ ਹੈ।