ਭੱਠਲ ਨੇ ਮੰਨਿਆ ਕੈਪਟਨ ਨੂੰ ਆਪਣਾ 'ਕਪਤਾਨ'
ਏਬੀਪੀ ਸਾਂਝਾ | 22 Sep 2016 01:54 PM (IST)
ਚੰਡੀਗੜ੍ਹ: ਕਾਂਗਰਸ ਦੀ ਸੀਨੀਅਰ ਲੀਡਰ ਰਾਜਿੰਦਰ ਕੌਰ ਭੱਠਲ ਨੇ ਕਿਹਾ ਹੈ ਕਿ ਮੁੱਖ ਮੰਤਰੀ ਦੇ ਉਮੀਦਵਾਰ ਵਜੋਂ ਕੈਪਟਨ ਅਮਰਿੰਦਰ ਸਿੰਘ ਹੀ ਉਨ੍ਹਾਂ ਦੀ ਪਸੇਦ ਹਨ। ਉਨ੍ਹਾਂ ਕਿਹਾ ਕਿ ਹਾਈਕਮਾਨ ਨੂੰ ਜਲਦ ਤੋਂ ਜਲਦ ਕੈਪਟਨ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਐਲਾਨ ਦੇਣਾ ਚਾਹੀਦਾ ਹੈ। ਕਾਬਲੇਗੌਰ ਹੈ ਕਿ ਇੱਕ ਸਮੇਂ ਸਖ਼ਤ ਵਿਰੋਧੀ ਰਹੀ ਭੱਠਲ ਨੇ ਵੀ ਮੰਨ ਲਿਆ ਹੈ ਕਿ ਕੈਪਟਨ ਹੀ ਕਾਂਗਰਸ ਦਾ ਬੇੜਾ ਪਾਰ ਲਾ ਸਕਦੇ ਹਨ। 'ਏਬੀਪੀ ਸਾਂਝਾ' ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਸੀ ਸਮੇਂ 'ਤੇ ਉਮੀਦਵਾਰਾਂ ਦਾ ਐਲਾਨ ਕਰ ਦੇਵੇਗੀ ਤੇ ਪੰਜਾਬ ਵਿੱਚ ਉਨ੍ਹਾਂ ਨੂੰ ਟੱਕਰ ਦੇਣ ਵਾਲਾ ਕੋਈ ਨਹੀਂ। ਭੱਠਲ ਨੇ ਦੱਸਿਆ ਕਿ ਕਾਂਗਰਸ ਦਾ ਚੋਣ ਮੈਨੀਫੈਸਟੋ ਫਾਈਨਲ ਕਰਕੇ 2 ਅਕਤੂਬਰ ਤੱਕ ਪਾਰਟੀ ਨੂੰ ਸੌਂਪ ਦਿੱਤਾ ਜਾਏਗਾ। ਵਿਰੋਧੀਆਂ ਬਾਰੇ ਗੱਲ ਕਰਦਿਆਂ ਭੱਠਲ ਨੇ ਕਿਹਾ ਕਿ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਤੋਂ ਕੋਈ ਚੁਣੌਤੀ ਨਹੀਂ। ਉਨ੍ਹਾਂ ਕਿਹਾ ਕਿ ਇਹ 'ਆਪ' ਨਹੀਂ ਸਗੋਂ ਕੇਜਰੀਵਾਲ ਦੀ ਪ੍ਰਾਈਵੇਟ ਲਿਮਟਿਡ ਕੰਪਨੀ ਤੋਂ ਵੀ ਗਈ ਗੁਜ਼ਰੀ ਹੈ। ਪੰਜਾਬ ਵਿੱਚ 'ਆਪ' ਦਾ ਵਜ਼ੂਦ ਖ਼ਤਮ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੀ ਤੇ ਉਨ੍ਹਾਂ ਦਾ ਚੌਥਾ ਫਰੰਟ ਵੀ ਉਲਝਿਆ ਹੋਇਆ ਹੈ।