ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅੱਜ ਚੰਡੀਗੜ੍ਹ ਪਹੁੰਚੇ। ਇੱਥੇ ਉਨ੍ਹਾਂ ਨੇ ਲੋਕ ਸਭਾ ਚੋਣਾਂ ਲਈ ਸਰਗਰਮੀ ਵਿੱਢਣ ਦਾ ਹੋਕਾ ਦਿੱਤਾ। ਕੇਜਰੀਵਾਲ ਨੇ ਪਾਰਟੀ ਉਮੀਦਵਾਰ ਹਰਮੋਹਨ ਧਵਨ ਦੇ ਹੱਕ 'ਚ ਪ੍ਰਚਾਰ ਕੀਤਾ।

ਇਸ ਮੌਕੇ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਬਣੀ ਸੀ ਤਾਂ ਕਿਸੇ ਨੂੰ ਉਮੀਦ ਹੀ ਨਹੀਂ ਸੀ। ਪਾਰਟੀ ਨੇ ਦਿੱਲੀ 'ਚ ਸਰਕਾਰ ਬਣਾ ਕੇ ਇਤਿਹਾਸ ਸਿਰਜਿਆ। ਇਸ ਮਗਰੋਂ ਘਬਰਾਏ ਵਿਰੋਧੀਆਂ ਨੇ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਕੀਤੀ।

ਉਨ੍ਹਾਂ ਕਿਹਾ ਕਿ ਪਾਰਟੀ ਨੂੰ ਖਤਮ ਕਰਨ ਲਈ ਉਨ੍ਹਾਂ ਉੱਪਰ 33 ਕੇਸ ਕੀਤੇ ਗਏ। ਅਜੇ ਵੀ ਵਿਰੋਧੀਆਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਕੇਜਰੀਵਾਲ ਕੰਮ ਨਾ ਕਰਨ। ਉਨ੍ਹਾਂ ਦਾਅਵਾ ਕੀਤਾ ਕਿ ਜੋ ਕੰਮ ਅਸੀਂ ਕੀਤਾ, ਕਿਸੇ ਵੀ ਸਰਕਾਰ ਨੇ 70 ਸਾਲਾਂ 'ਚ ਨਹੀਂ ਕੀਤਾ। ਦਿੱਲੀ ਵਿੱਚ ਸਰਕਾਰੀ ਸਕੂਲਾਂ ਦੀ ਅਸੀਂ ਕਾਇਆ ਪਲਟੀ। ਸਰਕਾਰੀ ਸਕੂਲ ਹੁਣ ਪ੍ਰਾਈਵੇਟ ਸਕੂਲਾਂ ਤੋਂ ਜ਼ਿਆਦਾ ਸ਼ਾਨਦਾਰ ਹਨ।

ਕੇਜਰੀਵਾਲ ਨੇ ਕਿਹਾ ਕਿ ਸਭ ਤੋਂ ਸਸਤੀ ਬਿਜਲੀ ਦਿੱਲੀ 'ਚ ਮਿਲ ਰਹੀ ਹੈ। ਉਨ੍ਹਾਂ ਵਾਅਦਾ ਕੀਤਾ ਕਿ ਜੋ ਕੰਮ ਦਿੱਲੀ 'ਚ ਕੀਤੇ, ਉਹ ਚੰਡੀਗੜ੍ਹ 'ਚ ਵੀ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਬੀਜੇਪੀ ਲੀਡਰ ਕਿਰਨ ਖੇਰ ਮੁੰਬਈ ਦੀ ਅਦਾਕਾਰਾ ਹੈ। ਉਹ ਲੋਕਾਂ 'ਚ ਨਹੀਂ ਵਿਚਰਦੀ।