ਚੰਡੀਗੜ੍ਹ: ਆਮ ਆਦਮੀ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਅੰਮ੍ਰਿਤਸਰ ਪਹੁੰਚੇ। ਜਿੱਥੇ ਉਹ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਅੱਜ ਕੁੰਵਰ ਵਿਜੇ ਪ੍ਰਤਾਪ ਕੇਜਰੀਵਾਲ ਦੀ ਹਾਜਰੀ 'ਚ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ ਹਨ। 


 






ਕੇਜਰੀਵਾਲ ਦਾ ਅੰਮ੍ਰਿਤਸਰ ਪਹੁੰਚਣ ਤੇ ਕਾਲੀਆਂ ਝੰਡੀਆਂ ਨਾਲ ਵਿਰੋਧ ਵੀ ਹੋਇਆ। ਕੁਝ ਲੋਕਾਂ ਦੇ ਵੱਲੋਂ ਕਾਲੇ ਝੰਡੇ ਲੈ ਕੇ ਉਨ੍ਹਾਂ ਦਾ ਵਿਰੋਧ ਕੀਤਾ ਗਿਆ ਤੇ ਗੋ ਬੈਕ ਦੇ ਨਾਅਰੇ ਲਗਾਏ ਗਏ। ਹਾਲਾਤ ਨੂੰ ਵੇਖਦਿਆਂ ਪੰਜਾਬ ਪੁਲਿਸ ਨੇ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਹੋਏ ਸਨ।


ਅਰਵਿੰਦ ਕੇਜਰੀਵਾਲ ਨੇ ਅੱਜ ਵੱਡਾ ਐਲਾਨ ਕਰਦਿਆਂ ਕਿਹਾ ਹੈ ਕਿ ਪੰਜਾਬ ਲਈ ਮੁੱਖ ਮੰਤਰੀ ਦਾ ਚਿਹਰਾ ਸਿੱਖ ਭਾਈਚਾਰੇ 'ਚੋਂ ਹੀ ਹੋਵੇਗਾ। ਉਹ ਚਿਹਰਾ ਅਜਿਹਾ ਹੋਵੇਗਾ ਜਿਸ 'ਤੇ ਸਾਰਿਆਂ ਨੂੰ ਫਖਰ ਹੋਵੇਗਾ। 


ਕੇਜਰੀਵਾਲ ਨੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਕਿਸ ਸੀਟ ਤੋਂ ਚੋਣ ਲੜਨਗੇ, ਇਸ ਦਾ ਫੈਸਲਾ ਬਾਅਦ 'ਚ ਹੋਵੇਗਾ। ਫਿਲਹਾਲ ਉਹ ਪਾਰਟੀ 'ਚ ਸ਼ਾਮਲ ਹੋਏ ਹਨ।


ਕੇਜਰੀਵਾਲ ਨੇ ਕਾਂਗਰਸੀਆਂ ਦੀ ਆਪਸ ਵਿੱਚ ਚੱਲ ਰਹੀ ਕੁਰਸੀ ਦੀ ਲੜਾਈ ਤੇ ਤਨਜ਼ ਕੱਸਦਿਆਂ ਕਿਹਾ ਕਿ ਕਾਂਗਰਸੀ ਕੋਰੋਨਾ ਮਹਾਂਮਾਰੀ ਵਿੱਚ ਲੋਕਾਂ ਨੂੰ ਬਚਾਉਣ ਦੀ ਬਜਾਏ ਖੁਦ ਕੁੱਤੇ-ਬਿੱਲੀਆਂ ਵਾਂਗ ਲੜ ਰਹੇ ਸਨ।


ਇਸ ਮੌਕੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੁੰਵਰ ਵਿਜੈ ਪ੍ਰਤਾਪ ਮੇਰੇ ਅਫਸਰ ਭਰਾ ਹਨ। ਕੁੰਵਰ ਦੇ ਸ਼ਾਮਲ ਹੋਣ ਨਾਲ ਅੱਜ 'ਆਪ' ਲਈ ਤੇ ਪੰਜਾਬ ਲਈ ਖੁਸ਼ੀ ਦਾ ਦਿਨ ਹੈ। ਕੁੰਵਰ ਵਿਜੈ ਨੇਤਾ ਨਹੀਂ, ਨਾ ਹੀ ਕੋਈ ਇਨ੍ਹਾਂ ਦੇ ਪਰਿਵਾਰ ਵਿੱਚੋਂ ਕੋਈ ਨੇਤਾ ਸੀ। ਸਾਡੇ ਵਿੱਚੋਂ ਕਿਸੇ ਦਾ ਪਰਿਵਾਰਕ ਮੈਂਬਰ ਨੇਤਾ ਨਹੀਂ ਹੈ। ਅਸੀਂ ਨਵੀਂ ਸ਼ੁਰੂਆਤ ਕਰਨ ਆਏ ਸੀ। 


ਉਨ੍ਹਾਂ ਕਿਹਾ ਕਿ ਕੁੰਵਰ ਦੇ ਵਿਰੋਧੀ ਵੀ ਇਮਾਨਦਾਰੀ ਦੀ ਸਿਫਤ ਕਰਦੇ ਹਨ। ਲੋਕਾਂ ਦੇ ਅਧਿਕਾਰੀ ਸਨ ਤੇ ਲੋਕ ਇਨ੍ਹਾਂ ਨੂੰ ਪਿਆਰ ਕਰਦੇ ਹਨ। ਉਨ੍ਹਾਂ ਕਿਹਾ ਕਿ ਕੁੰਵਰ ਨੇ ਬਰਗਾੜੀ ਕਾਂਡ ਵਿੱਚ ਪੰਜਾਬ ਦੇ ਲੋਕਾਂ ਨੂੰ ਇਨਸਾਫ ਦੇਣ ਲਈ ਦਿਨ-ਰਾਤ ਇੱਕ ਕੀਤਾ। ਮਾਸਟਰਮਾਈਡ ਖੁੱਲ੍ਹੇ ਆਮ ਘੁੰਮ ਰਹੇ ਹਨ। ਕੁੰਵਰ ਨੇ ਜਾਂਚ ਕੀਤੀ ਮਾਸਟਰਮਾਈਂਡ ਦਾ ਪਤਾ ਲਾਇਆ ਪਰ ਇਨ੍ਹਾਂ ਨੂੰ ਧੋਖਾ ਮਿਲਿਆ।


ਇਸ ਲਈ ਇਨ੍ਹਾਂ ਨੇ ਪੰਜਾਬ ਦੇ ਲੋਕਾਂ ਲਈ ਨੌਕਰੀ ਛੱਡ ਦਿੱਤੀ। ਪੰਜਾਬ ਦੇ ਲੋਕਾਂ ਨੂੰ ਬਰਗਾੜੀ ਕਾਂਡ ਵਿੱਚ ਜੋ ਇਨਸਾਫ ਨਹੀਂ ਮਿਲਿਆ, 'ਆਪ' ਦੀ ਸਰਕਾਰ 'ਚ ਸਭ ਤੋਂ ਪਹਿਲਾਂ ਬਰਗਾੜੀ ਕਾਂਡ ਦੇ ਮਾਸਟਰਮਾਈਂਡ ਦਾ ਪਤਾ ਲਾਇਆ ਜਾਵੇਗਾ ਤੇ ਪੰਜਾਬ ਦੇ ਲੋਕਾਂ ਨੂੰ ਇਨਸਾਫ ਦਿਵਾਇਆ ਜਾਵੇਗਾ।