ਬਰਨਾਲਾ: ਆਮ ਆਦਮੀ ਪਾਰਟੀ ਨੇ 2019 ਦੀਆਂ ਲੋਕ ਸਭਾ ਚੋਣਾਂ ਲਈ ਮੁਹਿੰਮ ਦੀ ਸ਼ੁਰੂਆਤ ਪੰਜਾਬ ਤੋਂ ਹੀ ਸ਼ੁਰੂ ਕੀਤੀ। ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਪਾਰਟੀ ਦੇ ਸਭ ਤੋਂ ਵੱਡੇ ਆਧਾਰ ਵਾਲੇ ਖੇਤਰ ਮਾਲਵਾ ਦੇ ਕੇਂਦਰ ਬਰਨਾਲਾ ਵਿੱਚ ਰੈਲੀ ਦੌਰਾਨ ਪਹੁੰਚ ਰਹੇ ਹਨ। ਰੈਲੀ ਦਾ ਮੰਤਵ ਲੋਕਾਂ ਨੂੰ ਦਿੱਲੀ ਵਿੱਚ 'ਆਪ' ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣੂੰ ਕਰਵਾਉਣਾ ਜਾਪਦਾ ਹੈ। ਇਹੋ ਸੰਦੇਸ਼ ਪਾਰਟੀ ਨੇ ਰੈਲੀ ਦੇ ਹੋਰਡਿੰਗ 'ਤੇ ਵੀ ਛਾਪਿਆ ਹੈ।
ਰੈਲੀ ਵਿੱਚ ਪੰਜਾਬ ਦੇ ਲੀਡਰ ਪਹੁੰਚ ਚੁੱਕੇ ਹਨ ਅਤੇ ਕੁਝ ਹੀ ਸਮੇਂ ਵਿੱਚ ਕੇਜਰੀਵਾਲ ਵੀ ਪਹੁੰਚ ਜਾਣਗੇ। ਆਮ ਆਦਮੀ ਪਾਰਟੀ ਦੇ ਸੂਬਾਈ ਕਨਵੀਨਰ ਡਾ. ਬਲਬੀਰ ਸਿੰਘ ਨੇ ਰੈਲੀ ਤੋਂ ਪਹਿਲਾਂ ਵੱਡਾ ਦਾਅਵਾ ਕੀਤਾ। ਡਾ. ਬਲਬੀਰ ਨੇ ਕਿਹਾ ਕਿ ਰੈਲੀ ਪਾਰਟੀ ਦੀਆਂ ਉਮੀਦਾਂ ਤੋਂ ਵੀ ਵੱਧ ਸਫਲ ਤੇ ਮਜ਼ਬੂਤ ਹੁੰਦੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਪਾਰਟੀ ਪੰਜਾਬ ਵਿੱਚ ਬਿਹਤਰ ਪ੍ਰਦਰਸ਼ਨ ਕਰੇਗੀ।
ਬਰਨਾਲਾ ਤੋਂ 'ਆਪ' ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਕੇਜਰੀਵਾਲ ਤੋਂ ਇਲਾਵਾ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀ ਸੰਬੋਧਨ ਕਰਨਗੇ। ਮੀਤ ਹੇਅਰ ਨੇ ਦਾਅਵਾ ਕੀਤਾ ਕਿ ਬਰਨਾਲਾ ਵਿੱਚ ਫਿਰ ਤੋਂ ਆਮ ਆਦਮੀ ਪਾਰਟੀ ਆਪਣਾ ਝੰਡਾ ਲਹਿਰਾਏਗੀ।