ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਬਰਨਾਲਾ ਦੀ ਰੈਲੀ ਵਿੱਚ ਪਹੁੰਚਣ ਤੋਂ ਪਹਿਲੋਂ ਹੀ ਕੈਪਟਨ ਸਰਕਾਰ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਕੇਜਰੀਵਾਲ ਨੇ ਕੈਪਟਨ ਸਰਕਾਰ 'ਤੇ ਸਿਹਤ ਸੰਸਥਾਵਾਂ ਨੂੰ ਨਿੱਜੀ ਕੰਪਨੀਆਂ ਦੇ ਹੱਥਾਂ ਵਿੱਚ ਸੌਂਪਣ ਦਾ ਦੋਸ਼ ਲਾਇਆ ਹੈ।

ਕੇਜਰੀਵਾਲ ਨੇ ਕੈਪਟਨ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿੱਚ ਖੜ੍ਹਾ ਕਰਦਿਆਂ ਟਵੀਟ ਕੀਤਾ ਹੈ ਕਿ ਕਾਂਗਰਸ ਪੰਜਾਬੀਆਂ ਦੀ ਸਿਹਤ ਨਾਲ ਖਿਲਵਾੜ ਕਰ ਰਹੀ ਹੈ। ਉਨ੍ਹਾਂ ਟਵੀਟ ਕਰ ਲਿਖਿਆ ਹੈ ਕਿ ਜਿਹੜੀ ਸਰਕਾਰ ਆਪਣੀ ਜਨਤਾ ਨੂੰ ਚੰਗੀਆਂ ਸਿਹਤ ਸੁਵਿਧਾਵਾਂ ਤੇ ਸਿੱਖਿਆ ਸੰਸਥਾਵਾਂ ਨਹੀਂ ਮੁਹੱਈਆ ਕਰਵਾ ਸਕਦੀ, ਉਸ ਨੂੰ ਸੱਤਾ ਵਿੱਚ ਰਹਿਣ ਦਾ ਕੋਈ ਹੱਕ ਨਹੀਂ। ਦਰਅਸਲ, ਕੈਪਟਨ ਸਰਕਾਰ ਨੇ ਸਰਕਾਰੀ ਡਿਸਪੈਂਸਰੀਜ਼ ਨੂੰ ਚਲਾਉਣ ਲਈ ਸਰਕਾਰੀ-ਨਿੱਜੀ ਹਿੱਸੇਦਾਰੀ ਤਹਿਤ ਅਰਜ਼ੀਆਂ ਦੀ ਮੰਗ ਕੀਤੀ ਹੈ, ਜਿਸ 'ਤੇ 'ਆਪ' ਨੂੰ ਇਤਰਾਜ਼ ਹੈ।

ਦਰਅਸਲ, ਇਹ ਟਵੀਟ ਅਮਰੀਕਾ ਵਸਦੇ 'ਆਪ' ਨੇਤਾ ਅੰਕਿਤ ਲਾਲ ਨੇ ਕੀਤਾ ਸੀ, ਜਿਸ ਨੂੰ ਕੇਜਰੀਵਾਲ ਨੇ ਆਪਣੇ ਵਿਚਾਰ ਲਿਖ ਕੇ ਅੱਗੇ ਸਾਂਝਾ ਕੀਤਾ ਹੈ। ਕੇਜਰੀਵਾਲ ਐਤਵਾਰ ਨੂੰ ਬਰਨਾਲਾ ਰੈਲੀ ਤੋਂ 2019 ਲੋਕ ਸਭਾ ਚੋਣਾਂ ਦਾ ਆਗ਼ਾਜ਼ ਕਰਨਗੇ।