ਚੰਡੀਗੜ੍ਹ: ਪੰਜਾਬ ਕਾਂਗਰਸ ਦੀ ਸਭ ਤੋਂ ਸੀਨੀਅਰ ਮਹਿਲਾ ਲੀਡਰ ਆਸ਼ਾ ਕੁਮਾਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮੋਬਾਈਲ ਫੋਨ ਰਾਹੀਂ ਭੇਜੇ ਸੰਦੇਸ਼ ਨੂੰ ‘ਜਿਣਸੀ ਸ਼ੋਸ਼ਣ’ ਨਹੀਂ ਕਿਹਾ ਜਾ ਸਕਦਾ। ਆਸ਼ਾ ਕੁਮਾਰੀ ਨੇ ਅਜਿਹਾ ਪੰਜਾਬ ਦੇ ਤਕਨੀਕੀ ਸਿੱਖਿਆ ਵਿਭਾਗ ਦੇ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਮਹਿਲਾ ਆਈਏਐਸ ਅਧਿਕਾਰੀ ਨੂੰ ਵ੍ਹੱਟਸ ਐਪ ਸੁਨੇਹੇ ਬਾਰੇ ਟਿੱਪਣੀ ਕਰਦਿਆਂ ਟਾਲਣ ਦੇ ਯਤਨ ਵਜੋਂ ਕਿਹਾ।

ਪਾਰਟੀ ਦੀ ਪੰਜਾਬ ਮਾਮਲਿਆਂ ਦੀ ਇੰਚਾਰਜ ਨੇ ਕਿਹਾ ਕਿ ਮਹਿਲਾ ਅਧਿਕਾਰੀ ਨੇ ਕੋਈ ਲਿਖਤੀ ਸ਼ਿਕਾਇਤ ਕਰਨ ਦੀ ਥਾਂ ਇਸ ਸਬੰਧੀ ਮੁੱਖ ਮੰਤਰੀ ਨਾਲ ਹੀ ਗੱਲਬਾਤ ਕੀਤੀ ਸੀ। ਉਨ੍ਹਾਂ ਇਹ ਵੀ ਕਿਹਾ ਕਿ ਪਾਰਟੀ ਪੱਧਰ ’ਤੇ ਮੰਤਰੀ ਖਿਲਾਫ਼ ਕੋਈ ਜਾਣਕਾਰੀ ਹਾਲ ਦੀ ਘੜੀ ਕਿਸੇ ਵੀ ਪਾਸਿਓਂ ਨਹੀਂ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਜਦੋਂ ਸ਼ਿਕਾਇਤ ਕਰਤਾ ਹੀ ਸਾਹਮਣੇ ਨਹੀਂ ਹੈ ਤਾਂ ਕਾਰਵਾਈ ਕਿਵੇਂ ਹੋ ਸਕਦੀ ਹੈ।

ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਔਰਤਾਂ ਦਾ ਮਾਣ ਸਨਮਾਨ ਕਾਇਮ ਰੱਖਣ ਦੀ ਹਾਮੀ ਹੈ ਤੇ ਜੇਕਰ ਅਜਿਹੀ ਘਟਨਾ ਸਾਹਮਣੇ ਆਉਂਦੀ ਹੈ ਤਾਂ ਉਸ ਨੂੰ ਸੰਜੀਦਗੀ ਨਾਲ ਨਜਿੱਠਿਆ ਜਾਵੇਗਾ। ਉਧਰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਇਹ ਮਾਮਲਾ ਹਾਲ ਦੀ ਘੜੀ ਮੁੱਖ ਮੰਤਰੀ ਦੇ ਦਰਬਾਰ ਤਕ ਸੀਮਤ ਹੈ ਅਤੇ ਜਦੋਂ ਪਾਰਟੀ ਕੋਲ ਪਹੁੰਚੇਗਾ ਤਾਂ ਉਸ ਢੰਗ ਨਾਲ ਨਜਿੱਠਿਆ ਜਾਵੇਗਾ।