ਚੰਡੀਗੜ੍ਹ: ਪੰਜਾਬ ਕੈਬਨਿਟ ਦੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਵਿੱਚ ਹੇਰਾਫੇਰੀ ਕਰਨ ਵਾਲੇ ਕਾਲਜਾਂ 'ਤੇ 9% ਵਿਆਜ਼ ਸਮੇਤ ਰਕਮ ਵਸੂਲਣ ਤੇ ਕਨੂੰਨੀ ਕਾਰਵਾਈ ਦੇ ਫੈਸਲੇ ਖ਼ਿਲਾਫ਼ ਕਾਂਗਰਸ ਦੇ ਸੀਨੀਅਰ ਲੀਡਰ ਤੇ ਜੁਇੰਟ ਐਕਸ਼ਨ ਕਮੇਟੀ ਦੇ ਮੈਂਬਰ ਅਸ਼ਵਨੀ ਸੇਖੜੀ ਨੇ ਮੋਰਚਾ ਖੋਲ੍ਹ ਦਿੱਤਾ ਹੈ। ਸੇਖੜੀ ਦੇ ਆਪਣੇ ਵੀ ਕਾਲਜ ਹਨ ਤੇ ਉਹ ਇਸੇ ਕਰਕੇ ਇਸ ਐਕਸ਼ਨ ਕਮੇਟੀ ਦੇ ਮੈਂਬਰ ਹਨ।   ਯਾਦ ਰਹੇ ਪਿਛਲੇ ਦਿਨੀਂ ਕੈਬਨਿਟ ਦੇ ਫੈਸਲੇ ਤੋਂ ਬਾਅਦ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਾਲਜ ਮੈਨੇਜਮੈਂਟ ਖਿਲਾਫ ਕਾਨੂੰਨੀ ਕਾਰਵਾਈ ਦੀ ਗੱਲ ਵੀ ਕਹੀ ਸੀ। ਇਸ ਦੇ ਜਵਾਬ ਵਿੱਚ ਅਸ਼ਵਨੀ ਸੇਖੜੀ ਨੇ ਕਿਹਾ, "ਅਸੀਂ ਕੋਈ ਗੜਬੜ ਨਹੀਂ ਕੀਤੀ। ਫੈਸਲੇ ਸਬੰਧੀ ਮੁੱਖ ਮੰਤਰੀ ਨੂੰ 14 ਜੂਨ ਨੂੰ ਮਿਲਾਂਗੇ। ਮਿਲ ਕੇ ਸਾਰੀ ਗੱਲ ਸਮਝਾਵਾਂਗੇ। ਮੈਂ ਸਰਕਾਰ ਜਾਂ ਮੁੱਖ ਮੰਤਰੀ ਖ਼ਿਲਾਫ਼ ਨਹੀਂ ਆਇਆ। ਸਿਰਫ਼ ਆਪਣੀ ਗੱਲ ਕਹਿਣ ਆਇਆ ਹਾਂ।" ਉਨ੍ਹਾਂ ਕਿਹਾ ਕਿ 2016 ਦੀ ਨੋਟੀਫਿਕੇਸ਼ਨ ਫੈਸਲਾ ਨਹੀਂ ਹੋਣਾ ਚਾਹੀਦਾ। ਸੇਖੜੀ ਨੇ ਕਿਹਾ, "ਅਸੀਂ ਕਾਨੂੰਨ ਮੰਨਣ ਵਾਲੇ ਲੋਕ ਹਾਂ। ਜੇ ਕਿਸੇ ਨੇ ਸੱਚਮੁੱਚ ਗੜਬੜ ਕੀਤੀ ਤਾਂ ਕਾਰਵਾਈ ਹੋਵੇ। ਮੈਨੂੰ ਪੂਰਾ ਯਕੀਨ ਹੈ ਕਿ ਕੈਪਟਨ ਸਾਡੀ ਗੱਲ ਦਿਲ ਖੋਲ੍ਹ ਕੇ ਸੁਣਨਗੇ ਤੇ ਸਾਡੇ ਪੱਖ ਵਿੱਚ ਸੋਚਣਗੇ।" ਉਨ੍ਹਾਂ ਕਿਹਾ, "ਅਸੀਂ ਲੋਕ ਹਿੱਤ 'ਚ ਕੰਮ ਕਰ ਰਹੇ ਹਾਂ। ਇਸ ਵਾਰ SC ਬੱਚਿਆਂ ਦੀ ਪੈਸੇ ਲੈ ਕੇ ਐਡਮਿਸ਼ਨ ਕਰਾਂਗੇ।" ਕੀ ਹੈ ਪੋਸਟ ਮੈਟ੍ਰਿਕ ਸਕਾਲਰਸ਼ਿਪ ਤੇ ਘਪਲਾ? ਇਹ ਸਕਾਲਰਸ਼ਿਪ SC ਵਿਦਿਆਰਥੀਆਂ ਨੂੰ ਮਿਲਦੀ ਹੈ। ਪਹਿਲਾਂ ਕਾਲਜ SC ਬੱਚਿਆਂ ਦਾ ਮੁਫ਼ਤ ਦਾਖਲਾ ਕਰਦੇ ਸਨ ਤੇ ਫੇਰ ਸਰਕਾਰ ਉਨ੍ਹਾਂ ਨੂੰ ਪੈਸੇ ਭੇਜਦੀ ਹੈ। ਅਕਾਲੀ ਸਰਕਾਰ ਸਮੇਂ ਘਪਲਾ ਇਹ ਹੋਇਆ ਸੀ ਕਿ ਕਾਲਜਾਂ ਨੇ ਬੱਚਿਆਂ ਦੇ ਜਾਅਲੀ ਦਾਖਲੇ ਦਿਖਾ ਕੇ ਪੈਸੇ ਆਪ ਖਾ ਲਏ ਸਨ। ਇਸੇ 'ਤੇ ਹੀ ਸਰਕਾਰ ਨੇ ਜਾਂਚ ਬਿਠਾਈ ਤੇ ਹੁਣ ਕਾਰਵਾਈ ਹੋਈ ਹੈ। ਘਪਲੇ ਦੀ ਰਕਮ ਵਿਆਜ਼ ਸਮੇਤ 50 ਕਰੋੜ ਦੇ ਕਰੀਬ ਬਣਦੀ ਹੈ।