ਚੰਡੀਗੜ੍ਹ: ਸ਼ਿਲਾਂਗ ਵਿੱਚ ਸਿੱਖਾਂ 'ਤੇ ਹਮਲੇ ਦੀਆਂ ਘਟਨਾਵਾਂ ਤੋਂ ਬਾਅਦ ਉਨ੍ਹਾਂ ਦੀ ਜਾਨ ਮਾਲ ਦੀ ਸੁਰੱਖਿਆ ਦਾ ਜਾਇਜ਼ਾ ਲੈਣ ਲਈ ਪੰਜਾਬ ਸਰਕਾਰ ਵੀ ਆਪਣਾ ਵਫ਼ਦ ਭੇਜ ਰਹੀ ਹੈ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਫ਼ਦ ਮੇਘਾਲਿਆ ਦੇ ਮੁੱਖ ਮੰਤਰੀ ਨੂੰ ਮਿਲ ਚੁੱਕਾ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਫ਼ਦ ਵੀ ਸ਼ਿਲਾਂਗ ਲਈ ਨਿੱਕਲ ਚੁੱਕਾ ਹੈ।

 

https://twitter.com/capt_amarinder/status/1003262534793588736

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ ਹੈ ਕਿ ਜੇਲ੍ਹ ਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਰੰਧਾਵਾ, ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਤੇ ਰਵਨੀਤ ਸਿੰਘ ਬਿੱਟੂ ਅਤੇ ਵਿਧਾਇਕ ਕੁਲਦੀਪ ਸਿੰਘ ਵੈਦ ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਕੇ ਸੰਗਮਾ ਨਾਲ ਮੁਲਾਕਤ ਕਰਨਗੇ ਤੇ ਹਿੰਸਾ ਪ੍ਰਭਾਵਿਤ ਹਿੱਸਿਆਂ ਦਾ ਦੌਰਾ ਵੀ ਕਰਨਗੇ। ਹਾਲਾਂਕਿ, ਕੈਪਟਨ ਨੇ ਮੇਘਾਲਿਆ ਦੇ ਮੁੱਖ ਮੰਤਰੀ ਨਾਲ ਬੀਤੇ ਕੱਲ੍ਹ ਫ਼ੋਨ ਉਤੇ ਗੱਲਬਾਤ ਕੀਤੀ ਸੀ ਤੇ ਸਿੱਖਾਂ ਦੇ ਸੁਰੱਖਿਅਤ ਹੋਣ ਦੀ ਗੱਲ ਵੀ ਕਹੀ ਸੀ।

https://twitter.com/capt_amarinder/status/1002869959070908417

ਸ਼ਨਿਚਰਵਾਰ ਦੇਰ ਰਾਤ ਅਕਾਲੀ ਦਲ ਦਾ ਵਫ਼ਦ ਮੇਆਲਿਆ ਪਹੁੰਚ ਗਿਆ ਸੀ ਤੇ ਅੱਜ ਯਾਨੀ ਐਤਵਾਰ ਸਵੇਰ ਉਨ੍ਹਾਂ ਸ਼ਿਲਾਂਗ ਦੇ ਸਿੱਖਾਂ ਤੇ ਮੇਘਾਲਿਆ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਵੀ ਕੀਤੀ। ਵਫ਼ਦ ਨੇ ਸ਼ਿਲਾਂਗ ਦੇ ਗੁਰਦੁਆਰੇ 'ਤੇ ਹਮਲੇ ਦੀਆਂ ਖ਼ਬਰਾਂ ਦਾ ਖੰਡਨ ਵੀ ਕੀਤਾ। ਉੱਧਰ ਐਸਜੀਪੀਸੀ ਵੀ ਆਪਣਾ ਵਫ਼ਦ ਮੇਘਾਲਿਆ ਲਈ ਰਵਾਨਾ ਕਰ ਚੁੱਕੀ ਹੈ, ਜਿਸ ਦੀ ਅਗਵਾਈ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਸੌਂਪੀ ਗਈ ਹੈ, ਜੋ ਉਥੋਂ ਦੇ ਸਿੱਖਾਂ ਨਾਲ ਰਾਬਤਾ ਕਰ ਕੇ ਉਨ੍ਹਾਂ ਨੂੰ ਲੋਂੜੀਦੀ ਮਦਦ ਦੇਣ ਦੇ ਨਾਲ-ਨਾਲ ਮੇਘਾਲਿਆ ਦੇ ਮੁੱਖ ਮੰਤਰੀ ਤੇ ਰਾਜਪਾਲ ਨਾਲ ਵੀ ਗੱਲਬਾਤ ਕਰਨਗੇ, ਤਾਂ ਜੋ ਉਥੋਂ ਦੇ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।

ਕੀ ਹੈ ਪੂਰਾ ਮਾਮਲਾ:

ਸ਼ਿਲਾਂਗ ਦੇ ਸਾਖੀ ਭਾਈਚਾਰੇ ਦੇ ਲੋਕਾਂ ਤੇ ਸਿੱਖਾਂ ਦਰਮਿਆਨ ਟਕਰਾਅ ਬੱਸ ਵਿੱਚ ਹੋਈ ਤਕਰਾਰ ਤੋਂ ਸ਼ੁਰੂ ਹੋਇਆ। ਦਰਅਸਲ, ਵੀਰਵਾਰ ਨੂੰ ਸਿੱਖਾਂ ਦੀ ਕੁੜੀ ਦੀ ਖਾਸੀ ਤਬਕੇ ਦੇ ਬੱਸ ਕੰਡਕਟਰ ਨਾਲ ਬਹਿਸਬਾਜ਼ੀ ਹੋ ਗਈ, ਜਿਸ ਤੋਂ ਬਾਅਦ ਦੋਵਾਂ ਧੜਿਆਂ ਵਿੱਚ ਕਥਿਤ ਤੌਰ ‘ਤੇ ਕੁੱਟਮਾਰ ਹੋਈ। ਇਸ ਘਟਨਾ ਤੋਂ ਬਾਅਦ ਦੋਵੇਂ ਪੱਖਾਂ ਨੇ ਪੁਲਿਸ ਦੀ ਹਾਜ਼ਰੀ ਵਿੱਚ ਮਾਮਲਾ ਸੁਲਝਾ ਲਿਆ ਗਿਆ।

ਇਸ ਤੋਂ ਬਾਅਦ ਕਿਸੇ ਨੇ ਘਟਨਾ ਵਿੱਚ ਜ਼ਖਮੀ ਖਾਸੀ ਨੌਜਵਾਨ ਦੀ ਮੌਤ ਦੀ ਖ਼ਬਰ ਸੋਸ਼ਲ ਮੀਡੀਆ ‘ਤੇ ਪਾ ਦਿੱਤੀ। ਫਿਰ ਬੱਸ ਚਾਲਕ ਸੰਸਥਾ ਤੇ ਹੋਰ ਗੁਟਾਂ ਨੇ ਸ਼ਿਲਾਂਗ ਦੀ ਪੰਜਾਬੀ ਕਾਲੋਨੀ ‘ਤੇ ਹੱਲ ਬੋਲ ਦਿੱਤਾ ਤੇ ਦੋਵੇਂ ਪੱਖਾਂ ਵਿੱਚ ਹਿੰਸਕ ਝੜਪਾਂ ਸ਼ੁਰੂ ਹੋ ਗਈਆਂ। ਪ੍ਰਸ਼ਾਸਨ ਨੇ ਸਾਵਧਾਨੀ ਵਜੋਂ ਇਲਾਕੇ ਵਿੱਚ ਰਾਤ ਸਮੇਂ ਦਾ ਕਰਫਿਊ ਲਾਇਆ ਹੋਇਆ ਹੈ ਤੇ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਹੁਣ ਸ਼ਿਲਾਂਗ ਸ਼ਾਂਤੀ ਵੱਲ ਪਰਤ ਰਿਹਾ ਹੈ।