ਕੋਲਕਾਤਾ: ਕੇਂਦਰ ਸਰਕਾਰ ਨੇ ਛੇਤੀ ਹੀ ਬੱਚਿਆਂ ਨੂੰ ਸਕੂਲਾਂ ਵਿੱਚ ਪੜ੍ਹਾਈਆਂ ਜਾਣ ਵਾਲੀਆਂ NCERT ਦੀਆਂ ਕਿਤਾਬਾਂ ਦਾ ਸਿਲੇਬਸ ਅੱਧਾ ਕਰਨ ਵਾਲੀ ਹੈ। ਕੇਂਦਰੀ ਮਨੁੱਖੀ ਸਰੋਤ ਮੰਤਰੀ ਪ੍ਰਕਾਸ਼ ਜਾਵੇਡਕਰ ਨੇ ਇਸ ਬਾਰੇ ਕਿਹਾ ਕਿ ਐਨਸੀਈਆਰਟੀ ਦਾ ਸਿਲੇਬਸ ਕਾਫੀ ਮੁਸ਼ਕਲ ਹੈ ਤੇ ਸਰਕਾਰ ਨੇ ਇਸ ਨੂੰ ਘਟਾ ਕੇ ਅੱਧਾ ਕਰਨ ਦਾ ਫੈਸਲਾ ਕੀਤਾ ਹੈ।

 

ਜਾਵੇਡਕਰ ਨੇ ਦੱਸਿਆ ਹੈ ਕਿ ਨਵੀਂ ਵਿੱਦਿਅਕ ਨੀਤੀ ਦੇ ਖਰੜੇ ਨੂੰ ਕੈਬਨਿਟ ਸਾਹਮਣੇ ਇਸੇ ਮਹੀਨੇ ਦੇ ਅਖੀਰ ਵਿੱਚ ਪੇਸ਼ ਕੀਤਾ ਜਾਵੇਗੀ। ਉਨ੍ਹਾਂ ਕਿਹਾ ਕਿ ਕਿਤਾਬੀ ਸਿੱਖਿਆ ਦੇ ਨਾਲ ਹੀ ਇੱਕ ਬੱਚੇ ਦੀ ਸਰੀਰਕ ਸਿੱਖਿਆ ਤੇ ਸਿਖਲਾਈ ਦੀ ਜ਼ਰੂਰਤ ਹੁੰਦੀ ਹੈ। ਮੰਤਰੀ ਨੇ ਕਿਹਾ ਕਿ ਸਿੱਖਿਆ ਦਾ ਮਤਲਬ ਸਿਰਫ਼ ਰੱਟੇ ਮਾਰ ਕੇ ਇਮਤਿਹਾਨ ਵਿੱਚ ਜਵਾਬ ਲਿਖਣਾ ਨਹੀਂ ਹੈ, ਸਗੋਂ ਸਿੱਖਿਆ ਦੇ ਵੱਡੇ ਮਤਲਬ ਹਨ।

ਪ੍ਰਕਾਸ਼ ਜਾਵੇਡਕਰ ਨੇ ਇਹ ਜਾਣਕਾਰੀ ਵੀ ਦਿੱਤੀ ਕਿ ਮਾਨਸੂਨ ਸੈਸ਼ਨ ਦਰਮਿਆਨ ਛੇਵੀਂ ਤੋਂ ਅੱਠਵੀਂ ਜਮਾਤ ਤਕ ਦੇ ਬੱਚਿਆਂ ਉੱਪਰ ਪਾਸ-ਫੇਲ੍ਹ ਸੋਧ ਵੀ ਲਾਈ ਜਾਵੇਗੀ। ਇਹ ਸੋਧ ਸਿੱਖਿਆ ਦਾ ਹੱਕ ਐਕਟ 2009 ਤਹਿਤ ਲਾਈ ਜਾਵੇਗੀ।