ਕੋਲਕਾਤਾ: ਭਾਰਤੀ ਚੋਣ ਕਮਿਸ਼ਨ ਵੱਲੋਂ ਹੁਣ ਦੇਸ਼ ਭਰ ਵਿੱਚ ਚੋਣਾਂ ਦੌਰਾਨ ਮੋਬਾਈਲ ਐਪ ਦੀ ਮਦਦ ਲਈ ਜਾਏਗੀ। ਅਗਲੀਆਂ ਚੋਣਾਂ ਵਿੱਚ ਲੋਕਾਂ ਤੋਂ ਸ਼ਿਕਾਇਤਾਂ ਮੰਗਣ ਲਈ ਮੋਬਾਈਲ ਐਪ ਵਰਤੀ ਜਾਏਗੀ। ਜੇ ਚੋਣਾਂ ਵਾਲੀ ਥਾਂ ਕੋਈ ਘਟਨਾ ਵਾਪਰਦੀ ਹੈ ਤਾਂ ਲੋਕ ਐਪ ਰਾਹੀਂ ਸਿੱਧਾ ਚੋਣ ਕਮਿਸ਼ਨ ਨੂੰ ਇਸ ਦੀ ਸ਼ਿਕਾਇਤ ਕਰ ਸਕਦੇ ਹਨ। ਇਹ ਗੱਲ ਚੋਣ ਕਮਿਸ਼ਨ ਨੇ ਕਰਨਾਟਕ ਵਿਧਾਨ ਸਭਾ ਚੋਣਾਂ ਦੌਰਾਨ ਵਰਤੀ ਮੋਬਾਈਲ ਐਪ ਦੀ ਸਫ਼ਲਤਾ ਤੋਂ ਬਾਅਦ ਕਹੀ ਹੈ।

ਮੁੱਖ ਚੋਣ ਕਮਿਸ਼ਨ ਓਪੀ ਰਾਵਤ ਨੇ ਕਿਹਾ ਕਿ ਐਪ ਵਿੱਚ ਲੋਕਾਂ ਨੂੰ ਸਬੂਤ ਸਣੇ ਸ਼ਿਕਾਇਤ ਕਰਨ ’ਚ ਮਦਦ ਮਿਲੇਗੀ। ਕਰਨਾਟਕ ਵਿੱਚ ਇਸ ਐਪ ਦੇ ਬਿਹਤਰ ਸਿੱਟੇ ਵੇਖਣ ਨੂੰ ਮਿਲੇ। ਇਹ ਇੱਕ ਪ੍ਰਯੋਗ ਸੀ ਜੋ ਸਫ਼ਲ ਰਿਹਾ ਤੇ ਹੁਣ ਦੇਸ਼ ਭਰ ਵਿੱਚ ਇਸ ਦੀ ਵਰਤੋਂ ਕੀਤੀ ਜਾਏਗੀ।

ਰਾਵਤ ਮੁਤਾਬਕ ਐਪ ਵਿੱਚ ਖੇਤਰਾਂ ਤੇ ਉਨ੍ਹਾਂ ਨਾਲ ਸਬੰਧਤ ਚੋਣਾਵੀ ਇਲਾਕਿਆਂ ਦੇ ਅਕਸ਼ਾਂਸ਼ ਤੇ ਦਿਸ਼ਾਂਤਰ ਦਿੱਤੇ ਜਾਣਗੇ। ਇਸ ਨਾਲ ਚੋਣ ਅਧਿਕਾਰੀਆਂ ਦੀ ਪਹਿਚਾਣ ਵੀ ਹੋ ਸਕੇਗੀ ਤਾਂ ਕਿ ਸ਼ਿਕਾਇਤ ਦਾ ਹੱਲ ਹੋ ਸਕੇ। ਉਨ੍ਹਾਂ ਕਿਹਾ ਕਿ ਕਮਿਸ਼ਨ ਇਹ ਯਕੀਨੀ ਬਣਾਏਗਾ ਕਿ ਸ਼ਿਕਾਇਤਕਰਤਾ ਦੀ ਪਹਿਚਾਣ ਦਾ ਖ਼ੁਲਾਸਾ ਨਾ ਹੋਵੇ।