ਫਰੀਦਕੋਟ: ਇੱਥੇ ਜੇਲ੍ਹ ਵਿੱਚ ਬੰਦ ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਮੀਤ ਪ੍ਰਧਾਨ ਰਾਜਿੰਦਰ ਸਿੰਘ ’ਤੇ ਕੈਦੀਆਂ ਵੱਲੋਂ ਹਮਲਾ ਕਰਨ ਤੋਂ ਕਿਸਾਨ ਜਥੇਬੰਦੀਆਂ ਖਫਾ ਹਨ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਪ੍ਰਧਾਨ ਰਣਵੀਰ ਰੰਧਾਵਾ, ਜਨਰਲ ਸਕੱਤਰ ਗਗਨ ਸੰਗਰਾਮੀ ਤੇ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਕੇਸ਼ਵ ਆਜ਼ਾਦ ਤੋਂ ਇਲਾਵਾ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ, ਨੌਜਵਾਨ ਭਾਰਤ ਸਭਾ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮਕਰੈਸੀ ਵੱਲੋਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਹੈ।


ਦੱਸ ਦਈਏ ਕਿ ਸੋਮਵਾਰ ਦੇਰ ਸ਼ਾਮ ਰਾਜਿੰਦਰ ਸਿੰਘ 'ਤੇ ਜੇਲ੍ਹ ਵਿੱਚ ਜਾਨਲੇਵਾ ਹਮਲਾ ਕੀਤਾ ਗਿਆ। ਰਾਜਿੰਦਰ ਸਿੰਘ ਨੂੰ ਜੇਲ੍ਹ ਪ੍ਰਸ਼ਾਸਨ ਵੱਲੋਂ ਰਾਤ ਕਰੀਬ 9 ਵਜੇ ਫ਼ਰੀਦਕੋਟ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਲਿਆਂਦਾ ਗਿਆ। ਜਿਨਸੀ ਸ਼ੋਸ਼ਣ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਫ਼ਰੀਦਕੋਟ ’ਚ ਕੀਤੇ ਸੰਘਰਸ਼ ਦੌਰਾਨ ਰਾਜਿੰਦਰ ਸਿੰਘ ਦੀ ਮੋਹਰੀ ਭੂਮਿਕਾ ਸੀ।

ਕਿਸਾਨ ਜਥੇਬੰਦੀਆਂ ਨੇ ਦੋਸ਼ ਲਾਇਆ ਕਿ ਇਹ ਹਮਲਾ ਕਥਿਤ ਤੌਰ ’ਤੇ ਐਸਐਸਪੀ ਤੇ ਡੀਸੀ ਦੀ ਸ਼ਹਿ ’ਤੇ ਜੇਲ੍ਹ ਵਿੱਚ ਬੰਦ ਨਿਸ਼ਾਨ ਸਿੰਘ ਦੇ ਗਰੁੱਪ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੁਝ ਸੰਘਰਸ਼ ਫ਼ਰੀਦਕੋਟ ਦੇ ਪ੍ਰਸ਼ਾਸਨ ਦੇ ਗਲੇ ਦੀ ਹੱਡੀ ਬਣੇ ਹੋਏ ਹਨ, ਜਿਨ੍ਹਾਂ ਦੀ ਅਗਵਾਈ ਰਾਜਿੰਦਰ ਸਿੰਘ ਨੇ ਕੀਤੀ ਹੈ।

ਉਨ੍ਹਾਂ ਦੋਸ਼ ਲਾਇਆ ਕਿ ਡਾਕਟਰ ਜਿਨਸੀ ਸ਼ੋਸ਼ਣ ਦੇ ਮਾਮਲੇ ’ਚ ਪ੍ਰਸ਼ਾਸਨ ਨੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਥਾਂ ਰਾਜਿੰਦਰ ’ਤੇ ਝੂਠਾ ਪਰਚਾ ਦਰਜ ਕਰਕੇ ਜੇਲ੍ਹ ਵਿੱਚ ਡੱਕ ਦਿੱਤਾ। ਉਨ੍ਹਾਂ ਕਿਹਾ ਕਿ ਰਾਜਿੰਦਰ ਇਕ ਲਹਿਰ ਦਾ ਨਾਂ ਹੈ ਤੇ ਉਸ ਉਪਰ ਹਮਲਾ ਇਨਕਲਾਬੀ ਲਹਿਰ ’ਤੇ ਹਮਲਾ ਹੈ ਜਿਸ ਨੂੰ ਜਨਤਕ ਜਥੇਬੰਦੀਆਂ ਕਿਸੇ ਕੀਮਤ ’ਤੇ ਵੀ ਬਰਦਾਸ਼ਤ ਨਹੀਂ ਕਰਨਗੀਆਂ। ਉਨ੍ਹਾਂ ਕਿਹਾ ਕਿ ਜੇ ਰਾਜਿੰਦਰ ਦਾ ਕੋਈ ਵੀ ਜਾਨੀ ਨੁਕਸਾਨ ਹੁੰਦਾ ਹੈ ਤਾਂ ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਪ੍ਰਮੁੱਖ ਅਧਿਕਾਰੀ ਸਿੱਧੇ ਜ਼ਿੰਮੇਵਾਰ ਹੋਣਗੇ।

ਉਧਰ, ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਦਾ ਕਹਿਣਾ ਹੈ ਕਿ ਮਾਮਲਾ ਜੇਲ੍ਹ ਅੰਦਰ ਹੋਈ ਦੋ ਗੁੱਟਾਂ ਦੀ ਲੜਾਈ ਦਾ ਹੈ। ਉਨ੍ਹਾਂ ਕਿਹਾ ਕਿ ਰਾਜਿੰਦਰ ਸਿੰਘ ਤੋਂ ਇਲਾਵਾ ਦੂਜੇ ਗਰੁੱਪ ਦਾ ਵਰਿੰਦਰ ਸਿੰਘ ਵੀ ਲੜਾਈ ਵਿੱਚ ਜ਼ਖ਼ਮੀ ਹੋਇਆ ਹੈ। ਦੋਵੇਂ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਕਿਸਾਨ ਆਗੂ ਨਿਰਭੈ ਸਿੰਘ ਢੁੱਡੀਕੇ ਤੇ ਪੀਐਸਯੂ ਆਗੂ ਰਣਵੀਰ ਰੰਧਾਵਾ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਇਸ ਨੂੰ ਕੈਦੀਆਂ ਦੀ ਆਪਸੀ ਲੜਾਈ ਬਣਾ ਕੇ ਪ੍ਰਚਾਰ ਰਿਹਾ ਹੈ ਜਦਕਿ ਇਹ ਇਕਤਰਫ਼ਾ ਕਾਰਵਾਈ ਸੀ। ਉਨ੍ਹਾਂ ਕਿਹਾ ਕਿ ਕਰਾਸ ਪੁਲਿਸ ਕੇਸ ਬਣਾਉਣ ਦੀ ਮਨਸ਼ਾ ਨਾਲ ਹਮਲਾਵਰਾਂ ਵੱਲੋਂ ਆਪਣੇ ਇੱਕ ਆਦਮੀ ਦੇ ਸੱਟਾਂ ਮਾਰੀਆਂ ਗਈਆਂ ਹਨ।