ਚੰਡੀਗੜ੍ਹ: ਪੰਜਾਬ ਵਿੱਚ ਜਨਤਾ ਨੂੰ ਪੁਲਿਸ ਦਾ ਡਰ ਨਹੀਂ ਰਿਹਾ। ਨਿੱਤ ਪੁਲਿਸ ਵਾਲਿਆਂ ਦੇ ਕੁਟਾਪੇ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਹੁਣ ਅੰਮ੍ਰਿਤਸਰ ਤੋਂ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ। ਇਸ ਵਿੱਚ ਪੈਟਰੋਲ ਪੰਪ ’ਤੇ ਪੁਲਿਸ ਮੁਲਾਜ਼ਮ ਨੂੰ ਬੁਰੀ ਤਰ੍ਹਾਂ ਕੁੱਟਿਆ ਜਾ ਰਿਹਾ ਹੈ। ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਮਗਰੋਂ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।


ਯਾਦ ਰਹੇ ਇਸ ਤੋਂ ਪਹਿਲਾਂ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਚੋਗਾਵਾਂ ਵਿੱਚ ਸਬ ਇੰਸਪੈਕਟਰ ਨਾਲ ਕੁੱਟਮਾਰ ਕੀਤੀ ਗਈ ਸੀ। ਇਸੇ ਤਰ੍ਹਾਂ ਸੁਜਾਨਪੁਰ ਦੀ ਆਬਾਦੀ ਕੈਲਾਸ਼ਪੁਰ ਵਿੱਚ ਸ਼ਰਾਬ ਵੇਚਣ ਦੀ ਸੂਚਨਾ ਮਿਲਣ ’ਤੇ ਛਾਪਾ ਮਾਰਨ ਗਏ ਐਕਸਾਈਜ਼ ਵਿਭਾਗ ਦੇ ਏਐਸਆਈ ਕੁਲਦੀਪ ਰਾਜ ਦੀ ਕੁਝ ਵਿਅਕਤੀਆਂ ਨੇ ਕੁੱਟਮਾਰ ਕੀਤੀ ਤੇ ਵਰਦੀ ਪਾੜ ਦਿੱਤੀ ਸੀ। ਇਹ ਸਾਰੇ ਮਾਮਲੇ ਸੋਸ਼ਲ ਮੀਡੀਆ 'ਤੇ ਚਰਚਾ ਵਿੱਚ ਹਨ ਜਿਸ ਨਾਲ ਪੁਲਿਸ ਦਾ ਮਜ਼ਾਕ ਉੱਡ ਰਿਹਾ ਹੈ।

ਪੁਲਿਸ ਮੁਤਾਬਕ ਤਾਜ਼ਾ ਘਟਨਾ ਅੰਮ੍ਰਿਤਸਰ ਦੇ ਕਿਚਲੂ ਚੌਕ ਸਥਿਤ ਪੈਟਰੋਲ ਪੰਪ ’ਤੇ ਵਾਪਰੀ ਹੈ। ਇਸ ਸਬੰਧੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ। ਇਸ ਵੀਡੀਓ ਵਿੱਚ ਇੱਕ ਵਿਅਕਤੀ ਪੁਲਿਸ ਕਰਮਚਾਰੀ ਨਾਲ ਬਹਿਸ ਰਿਹਾ ਹੈ ਤੇ ਗਾਲਾਂ ਵੀ ਕੱਢ ਰਿਹਾ ਹੈ। ਮਗਰੋਂ ਦੋਵੇਂ ਗੁੱਥਮ-ਗੁੱਥਾ ਹੋ ਜਾਂਦੇ ਹਨ ਤੇ ਇਸ ਕਾਰਵਾਈ ਦੌਰਾਨ ਪੁਲਿਸ ਕਰਮਚਾਰੀ ਦੀ ਦਸਤਾਰ ਵੀ ਉੱਤਰ ਜਾਂਦੀ ਹੈ।

ਇਹ ਪੁਲਿਸ ਕਾਂਸਟੇਬਲ ਹਰਪ੍ਰੀਤ ਸਿੰਘ ਹੈ, ਜੋ ਆਪਣੇ ਦੋਪਹੀਆ ਵਾਹਨ ਵਿੱਚ ਪੈਟਰੋਲ ਭਰਵਾਉਣ ਵਾਸਤੇ ਗਿਆ ਸੀ। ਉਥੇ ਅਣਪਛਾਤੇ ਵਿਅਕਤੀਆਂ ਨਾਲ ਤਕਰਾਰ ਸ਼ੁਰੂ ਹੋ ਗਈ। ਤਕਰਾਰ ਮਗਰੋਂ ਝਗੜਾ ਸ਼ੁਰੂ ਹੋ ਗਿਆ।