ਗੁਰਦਾਸਪੁਰ: ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਗ੍ਰਿਫਤਾਰੀ ਦੇਣ ਲਈ ਖੁਦ ਬਟਾਲਾ ਪਹੁੰਚ ਰਹੇ ਹਨ। ਉਨ੍ਹਾਂ ਖਿਲਾਫ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਵਿਪੁਲ ਉਜਵਲ ਨਾਲ ਤਕਰਾਰ ਕਰਕੇ ਮਾਮਲਾ ਦਰਜ ਹੈ। ਬੈਂਸ ਅੱਜ ਬਟਾਲਾ ਵਿੱਚ ਰੋਸ ਪ੍ਰਦਰਸ਼ਨ ਕਰਨਗੇ। ਮੰਨਿਆ ਜਾ ਰਿਹਾ ਹੈ ਕਿ ਪੁਲਿਸ ਉਨ੍ਹਾਂ ਨੂੰ ਇੱਥੇ ਗ੍ਰਿਫਤਾਰ ਕਰ ਲਵੇਗੀ।


ਦਰਅਸਲ ਬੈਂਸ ਖਿਲਾਫ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਿਫਾਰਸ਼ 'ਤੇ ਮਾਮਲਾ ਦਰਜ ਹੋਇਆ ਹੈ। ਬੈਂਸ ਨੇ ਆਪਣੀ ਗ੍ਰਿਫ਼ਤਾਰੀ ਸਬੰਧੀ ਅਫ਼ਵਾਹਾਂ ਨੂੰ ਠੱਲ੍ਹ ਪਾਉਂਦਿਆਂ ਲੰਘੇ ਦਿਨ ਐਲਾਨ ਕੀਤਾ ਸੀ ਕਿ ਉਹ ਸ਼ੁੱਕਰਵਾਰ ਨੂੰ ਖ਼ੁਦ ਬਟਾਲਾ ਦੇ ਗਾਂਧੀ ਚੌਕ ’ਚ ਧਰਨਾ ਦੇਣ ਲਈ ਜਾ ਰਹੇ ਹਨ। ਉਨ੍ਹਾਂ ਨਾਲ ਉਹ ਸਮਰਥਕ ਵੀ ਹੋਣਗੇ, ਜਿਨ੍ਹਾਂ ’ਤੇ ਪੁਲਿਸ ਨੇ ਉਨ੍ਹਾਂ ਦੇ ਨਾਲ ਹੀ ਕੇਸ ਦਰਜ ਕੀਤਾ ਹੈ।

ਬੈਂਸ ਦਾ ਕਹਿਣਾ ਹੈ ਕਿ ਪੁਲਿਸ ਕਿਉਂ ਬਟਾਲਾ ਤੋਂ ਲੁਧਿਆਣਾ ਆ ਕੇ ਮਹਿੰਗਾ ਪੈਟਰੋਲ ਫੂਕ ਰਹੀ ਹੈ, ਉਹ ਖ਼ੁਦ ਉੱਥੇ ਧਰਨਾ ਦੇਣਗੇ ਤੇ ਉਨ੍ਹਾਂ ਨੂੰ ਪੁਲਿਸ ਉਥੋਂ ਹੀ ਗ੍ਰਿਫ਼ਤਾਰ ਕਰ ਲਵੇ। ਬਟਾਲਾ ਪਟਾਕਾ ਫੈਕਟਰੀ ’ਚ ਧਮਾਕੇ ਮਗਰੋਂ ਬੈਂਸ ਆਪਣੇ ਸਮਰਥਕਾਂ ਨਾਲ ਡੀਸੀ ਗੁਰਦਾਸਪੁਰ ਵਿਪੁਲ ਉਜਵਲ ਦੇ ਕਮਰੇ ਵਿੱਚ ਪੁੱਜੇ ਸਨ ਤੇ ਡੀਸੀ ਨਾਲ ਉਨ੍ਹਾਂ ਦੀ ਬਹਿਸ ਹੋ ਗਈ ਸੀ।

ਡੀਸੀ ਨੇ ਐਸਡੀਐਮ ਰਾਹੀਂ ਪੁਲਿਸ ਨੂੰ ਸ਼ਿਕਾਇਤ ਦੇ ਕੇ ਬੈਂਸ ਤੇ ਉਨ੍ਹਾਂ ਦੇ ਅਣਪਛਾਤੇ ਸਮਰਥਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ। ਬੈਂਸ ਦੀ ਜ਼ਮਾਨਤ ਅਰਜ਼ੀ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ ਸੀ। ਇਸ ਮਗਰੋਂ ਬੈਂਸ ਦੀ ਗ੍ਰਿਫ਼ਤਾਰੀ ਸਬੰਧੀ ਅਫ਼ਵਾਹਾਂ ਦਾ ਬਾਜ਼ਾਰ ਗਰਮ ਰਿਹਾ ਸੀ। ਹੁਣ ਬੈਂਸ ਬਟਾਲਾ ਦੇ ਗਾਂਧੀ ਚੌਕ ਵਿੱਚ ਧਰਨਾ ਦੇ ਕੇ ਬਟਾਲਾ ਪੁਲਿਸ ਨੂੰ ਗ੍ਰਿਫ਼ਤਾਰੀ ਦੀ ਚੁਣੌਤੀ ਦੇ ਰਹੇ ਹਨ।