ਚੰਡੀਗੜ੍ਹ: ਸੈਕਟਰ 15 ਵਿੱਚ ਦੇਰ ਰਾਤ ਘਰ ਬਾਹਰ ਅਣਪਛਾਤੇ ਹਮਲਵਾਰਾਂ ਵੱਲੋਂ ਕੀਤੀ ਗੋਲੀਬਾਰੀ ’ਚ ਇੱਕ ਵਿਦਿਆਰਥੀ ਹਲਾਕ ਤੇ ਉਸ ਦਾ ਸਾਥੀ ਗੰਭੀਰ ਜ਼ਖ਼ਮੀ ਹੋ ਗਿਆ। ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਤੋਂ ਹਮਲਾਵਰ ਦੀ ਪਛਾਣ ਕਰ ਲਈ ਹੈ। ਪੀਜੀਆਈ ’ਚ ਦਮ ਤੋੜਨ ਵਾਲੇ ਵਿਦਿਆਰਥੀ ਦੀ ਪਛਾਣ ਵਿਨੀਤ ਸਿੰਗਲਾ ਵਜੋਂ ਹੋਈ ਹੈ ਜਦੋਂਕਿ ਜ਼ਖ਼ਮੀ ਵਿਦਿਆਰਥੀ ਦਾ ਨਾਂ ਅਜੈ ਦੱਸਿਆ ਜਾਂਦਾ ਹੈ, ਜਿਸ ਦੀ ਹਾਲਤ ਗੰਭੀਰ ਹੈ। ਪੁਲਿਸ ਨੇ ਜ਼ਖਮੀ ਦੇ ਬਿਆਨ ਦਰਜ ਕੀਤੇ ਹਨ ਤੇ ਘਟਨਾ ਵਾਲੀ ਥਾਂ ਦੀ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ। ਸੂਤਰਾਂ ਮੁਤਾਬਕ ਹਮਲਾਵਰ ਕਿਸੇ ਕੇਸ ਵਿੱਚ ਗਵਾਹੀ ਦੇਣ ਵਾਲੇ ਨੂੰ ਮਾਰਨ ਆਏ ਸੀ ਪਰ ਉਨ੍ਹਾਂ ਦੀ ਲਪੇਟ ਵਿੱਚ ਇਹ ਨੌਜਵਾਨ ਆ ਗਏ। ਸੈਕਟਰ-15 ਚੰਡੀਗੜ੍ਹ ਦੇ ਮਕਾਨ ਵਿੱਚ ਰਹਿ ਰਹੇ ਐਚਐਸਏ ਦੇ ਦੋ ਵਿਦਿਆਰਥੀਆਂ ’ਤੇ ਹਥਿਆਰਬੰਦ ਹਮਲਾਵਾਰਾਂ ਨੇ ਕਈ ਰਾਊਂਡ ਫਾਇਰਿੰਗ ਕਰ ਦਿੱਤੀ। ਪੁਲਿਸ ਇਸ ਗੱਲ ਦਾ ਪਤਾ ਲਾ ਰਹੀ ਹੈ ਕਿ ਗੋਲੀਬਾਰੀ ਦੀ ਘਟਨਾ ਕਿਉਂ ਵਾਪਰੀ। ਸੂਤਰਾਂ ਅਨੁਸਾਰ ਇਹ ਘਟਨਾ ਅੱਜ ਦੇਰ ਰਾਤ ਵਾਪਰੀ ਤੇ ਸੂਚਨਾ ਮਿਲਦੇ ਹੀ ਪੁਲੀਸ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦੋਵੇਂ ਵਿਦਿਆਰਥੀ ਕੁਝ ਦਿਨ ਪਹਿਲਾਂ ਹੀ ਸੈਕਟਰ-15 ਵਿੱਚ ਪਹੁੰਚੇ ਸਨ ਤੇ ਇਸੇ ਸੈਕਟਰ ਦੇ ਸਕੂਲ ਵਿੱਚ ਪੜ੍ਹਾਈ ਕਰ ਰਹੇ ਸਨ। ਪੁਲਿਸ ਨੇ ਹਮਲਾਵਰਾਂ ਦੀ ਪਛਾਣ ਕਰਨ ਲਈ ਇਲਾਕੇ ਵਿੱਚ ਲੱਗੇ ਕੈਮਰਿਆਂ ਦੀ ਫੁਟੇਜ ਵੇਖਣੀ ਸ਼ੁਰੂ ਕਰ ਦਿੱਤੀ ਹੈ।