ਬਟਾਲਾ: ਦੇਸ਼ ਭਰ ਦੇ ਲੋਕ ਕੋਰੋਨਾ ਦੇ ਖਤਰੇ ਤੋਂ ਬਚਣ ਲਈ ਆਪਣੇ ਘਰਾਂ ਅੰਦਰ ਹਨ। ਪ੍ਰਧਾਨ ਮੰਤਰੀ ਮੋਦੀ ਦੇ ਐਲਾਨੇ ਜਨਤਾ ਕਰਫਿਊ ਨੂੰ ਪੰਜਾਬ ਤੇ ਹੋਰ ਕਈ ਰਾਜਾਂ 'ਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਲੋਕ ਘਰਾਂ ਵਿੱਚੋਂ ਬਾਹਰ ਨਿਕਲਣ ਤੇ ਪ੍ਰਹੇਜ਼ ਕਰ ਰਹੇ ਹਨ। ਕੁਝ ਲੋਕ ਐਸੇ ਵੀ ਹਨ ਜੋ ਆਪਣੀ ਤੇ ਦੂਜਿਆਂ ਦੀ ਜ਼ਿੰਦਗੀ ਦੀ ਪ੍ਰਵਾਹ ਕੀਤੇ ਬਿਨ੍ਹਾਂ ਸਰਕਾਰ ਦੀਆਂ ਹਦਾਇਤਾਂ ਨੂੰ ਨਹੀਂ ਗੌਲ੍ਹਦੇ।


ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸਾਰਚੂੜ 'ਚ ਸਮਾਗਮ ਵਿੱਚ ਲੋਕਾਂ ਦਾ ਭਾਰੀ ਇੱਕਠ ਕੀਤਾ ਗਿਆ। ਇਹ ਸਮਾਗਮ ਇੱਕ ਫਨਾਂਸਰ ਵਲੋਂ ਕਰਵਾਇਆ ਗਿਆ ਸੀ। ਪੁਲਿਸ ਨੇ ਜਾਣਕਾਰੀ ਮਿਲਦੇ ਹੀ ਮੌਕੇ ਤੇ ਪਹੁੰਚ ਕੇ ਇਸ ਸਮਾਗਮ ਨੂੰ ਬੰਦ ਕਰਵਾਇਆ ਤੇ ਫਨਾਂਸਰ ਨੂੰ ਹਿਰਾਸਤ 'ਚ ਲੈ ਲਿਆ।

ਪੁਲਿਸ ਨੇ ਫਨਾਂਸਰ ਖਿਲਾਫ ਆਈਪੀਸੀ ਦੀ ਧਾਰਾ 188, 269 ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਨਹੀਂ ਹੋਣ ਦਿੱਤੀ ਜਾਵੇਗੀ ਕਿਉਂਕਿ ਇਹ ਦੇਸ਼ ਦੇ ਲੋਕਾਂ ਦੀ ਜਾਨ ਤੇ ਸੁਰੱਖਿਆ ਦਾ ਮਾਮਲਾ ਹੈ।