ਹੁਸ਼ਿਆਰਪੁਰ: ਪੰਜਾਬ ਚ ਕੋਰੋਨਾ ਵਾਇਰਸ ਦੇ ਕੇਸਾਂ ਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ। ਅਜਿਹੇ ਚ ਸਖਤਾਈ ਦੇ ਨਾਲ-ਨਾਲ ਜਾਗਰੂਕਤਾ ਵੀ ਜ਼ਰੂਰੀ ਹੈ। ਇਨ੍ਹਾਂ ਹਾਲਾਤਾਂ ਦੌਰਾਨ ਹਲਕਾ ਚੱਬੇਵਾਲ ਤੋਂ ਵਿਧਾਇਕ ਡਾ. ਰਾਜ ਕੁਮਾਰ ਨੇ ਸਥਾਨਕ ਸਿਵਲ ਹਸਪਤਾਲ ਵਿੱਚ ਕੋਵਿਡ ਵੈਕਸੀਨ ਦੀ ਦੂਜੀ ਡੋਜ਼ ਲਗਵਾਉਂਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਮੌਜੂਦਾ ਗੰਭੀਰ ਸਿਹਤ ਸੰਕਟ ਦੇ ਮੱਦੇਨਜ਼ਰ ਕਿਸੇ ਕਿਸਮ ਦੀ ਲਾਪ੍ਰਵਾਹੀ ਨਾ ਦਿਖਾਈ ਜਾਵੇ।


18 ਤੋਂ 45 ਸਾਲ ਉਮਰ ਵਰਗ ਦੇ ਲਾਭਪਾਤਰੀਆਂ ਲਈ 1 ਮਈ ਤੋਂ ਸ਼ੁਰੂ ਹੋਣ ਜਾ ਰਹੀ ਟੀਕਾਕਰਨ ਮੁਹਿੰਮ ਸਬੰਧੀ ਡਾ. ਰਾਜ ਕੁਮਾਰ ਚੱਬੇਵਾਲ ਨੇ ਯੋਗ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਬੁੱਧਵਾਰ ਤੋਂ ਟੀਕਾਕਰਨ ਲਈ 3owin.gov.in ਰਾਹੀਂ ਜਾਂ ਅਰੋਗਿਆ ਸੇਤੂ ਐਪ ਰਾਹੀਂ ਆਪਣੀ ਅਗਾਊਂ ਰਜਿਸਟਰੇਸ਼ਨ ਕਰਵਾ ਸਕਣਗੇ। ਡਾ. ਰਾਜ ਕੁਮਾਰ ਨੇ ਕਿਹਾ ਕਿ ਅੱਜ ਉਨ੍ਹਾਂ ਨੇ ਕੋਰੋਨਾ ਵੈਕਸੀਨ ਦੀ ਦੂਜੀ ਡੋਜ ਲਗਵਾਈ ਹੈ ਅਤੇ ਪਹਿਲੀ ਡੋਜ਼ ਲਗਵਾਉਣ ਉਪਰੰਤ ਉਨ੍ਹਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਈ। ਉਨ੍ਹਾਂ ਨੇ ਲੋਕਾਂ ਨੂੰ ਵਹਿਮ ਅਤੇ ਅਫਵਾਹਾਂ ’ਤੇ ਯਕੀਨ ਨਾ ਕਰਦਿਆਂ ਆਪ ਮੁਹਾਰੇ ਟੀਕਾਕਰਨ ਲਈ ਅੱਗੇ ਆਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਇਸ ਨਾਜ਼ੁਕ ਦੌਰ ਵਿੱਚ ਸਿਹਤ ਸਲਾਹਕਾਰੀਆਂ ਦੀ ਮੁਕੰਮਲ ਪਾਲਣਾ ਦੇ ਨਾਲ-ਨਾਲ ਟੀਕਾਕਰਨ ਵੀ ਅਤਿ ਜ਼ਰੂਰੀ ਹੈ ਜਿਸ ਤੋਂ ਕਿਸੇ ਨੂੰ ਵੀ ਕੋਈ ਗੁਰੇਜ਼ ਨਹੀਂ ਕਰਨਾ ਚਾਹੀਦਾ।


ਡਾ. ਰਾਜ ਕੁਮਾਰ ਚੱਬੇਵਾਲ ਨੇ ਜ਼ਿਲ੍ਹੇ ਦੀਆਂ ਸਮੂਹ ਸਮਾਜਿਕ, ਧਾਰਮਿਕ, ਗੈਰ-ਸਰਕਾਰੀ ਸੰਸਥਾਵਾਂ ਅਤੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਇਸ ਸਿਹਤ ਸੰਕਟ ਖਿਲਾਫ਼ ਜੰਗ ਵਿੱਚ ਸਾਰਿਆਂ ਨੂੰ ਆਪੋ-ਆਪਣੇ ਪੱਧਰ ’ਤੇ ਸਾਂਝੇ ਹੰਭਲੇ ਮਾਰਦਿਆਂ ਇਸ ਦੀ ਰੋਕਥਾਮ ਸਬੰਧੀ ਹਦਾਇਤਾਂ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਤਾਂ ਜੋ ਕੀਮਤੀ ਜਾਨਾਂ ਨੂੰ ਕੋਰੋਨਾ ਦੀ ਲਪੇਟ ’ਚ ਆਉਣੋ ਬਚਾਇਆ ਜਾ ਸਕੇ।


ਕੋਟ ਫਤੂਹੀ ਦੇ ਬਾਜ਼ਾਰਾਂ ’ਚ ਕੱਢੇ ਕੋਰੋਨਾ ਜਾਗਰੂਕਤਾ ਮਾਰਚ ਬਾਰੇ ਦੱਸਦਿਆਂ ਐਮ.ਐਲ.ਏ. ਨੇ ਕਿਹਾ ਕਿ ਮਾਰਚ ਦੌਰਾਨ ਉਨ੍ਹਾਂ ਵਲੋਂ ਪੀ.ਪੀ.ਈ. ਕਿੱਟਾਂ ਪਹਿਨ ਕੇ ਲੋਕਾਂ ਨੂੰ ਕੋਰੋਨਾ ਤੋਂ ਪੂਰੀ ਤਰ੍ਹਾਂ ਚੌਕਸ ਰਹਿਣ ਦਾ ਸੁਨੇਹਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਸਾਰਿਆਂ ਨੂੰ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਪ੍ਰਤੀ ਕਿਸੇ ਕਿਸਮ ਦੀ ਢਿੱਲਮੱਠ ਨਹੀਂ ਵਰਤਣੀ ਚਾਹੀਦੀ ਤਾਂ ਜੋ ਅਸੀਂ ਸਾਰੇ ਸੁਰੱਖਿਅਤ ਅਤੇ ਸਿਹਤਮੰਦ ਰਹਿ ਸਕੀਏ।


ਉਨ੍ਹਾਂ ਦੱਸਿਆ ਕਿ ਮਾਰਚ ਦੌਰਾਨ ਵਲੰਟੀਅਰਾਂ ਸਮੇਤ ਉਨ੍ਹਾਂ ਖੁਦ ਲੋਕਾਂ ਨੂੰ ਮਾਸਕ ਵੰਡੇ, ਇਛੁੱਕ ਲੋਕਾਂ ਦਾ ਆਕਸੀਮੀਟਰ ਰਾਹੀਂ ਆਕਸੀਜਨ ਦਾ ਪੱਧਰ ਵੀ ਚੈਕ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੋਰੋਨਾ ਤੋਂ ਡਰਨ ਦੀ ਬਜਾਏ ਇਸ ਵਾਇਰਸ ਖਿਲਾਫ਼ ਜਿੱਤ ਲਈ ਲੜਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਡਾਕਟਰ ਦੀ ਸਲਾਹ ਨਾਲ ਲੋੜੀਂਦੀ ਦਵਾਈ ਅਤੇ ਪੂਰੀ ਤਰ੍ਹਾਂ ਇਕਾਂਤਵਾਸ ਲਾਗੂ ਕਰਨ ਦੇ ਨਾਲ-ਨਾਲ ਖੁਰਾਕ ਦਾ ਧਿਆਨ ਰੱਖਦਿਆਂ ਕੋਰੋਨਾ ਨੂੰ ਸਹਿਜੇ ਹੀ ਮਾਤ ਦਿੱਤੀ ਜਾ ਸਕਦੀ ਹੈ ਜਿਸ ਪ੍ਰਤੀ ਸਾਰਿਆਂ ਨੂੰ ਜਾਗਰੂਕ ਹੋਣ ਦੀ ਲੋੜ ਹੈ।