ਸ਼ੰਕਰ ਦਾਸ ਦੀ ਰਿਪੋਰਟ 

 

ਚੰਡੀਗੜ੍ਹ : ਪੰਜਾਬ ਦੇ ਨਵੇਂ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਵੱਲੋਂ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੂੰ ਵਾਰਡ ‘ਚ ਗੰਦੇ ਗੱਦੇ ‘ਤੇ ਲਿਟਾਉਣ ਦਾ ਮਾਮਲਾ ਬਹੁਤ ਗਰਮਾ ਗਿਆ ਹੈ। ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਰਾਜ ਬਹਾਦਰ ਨੂੰ ਗੰਦੇ ਗੱਦੇ ‘ਤੇ ਲੇਟਣ ਦਾ ਹੁਕਮ ਦਿੱਤਾ ਸੀ। ਜਿਸ ਤੋਂ ਬਾਅਦ ਵਿਰੋਧੀ ਧਿਰਾਂ ਨੇ ਭਗਵੰਤ ਮਾਨ ਸਰਕਾਰ ਨੂੰ ਘੇਰਿਆ ਹੈ।
 

ਵੀਸੀ ਅੰਤਰਰਾਸ਼ਟਰੀ ਸ਼ਖਸੀਅਤ, ਦੁਰਵਿਵਹਾਰ ਨਿੰਦਣਯੋਗ: ਚੀਮਾ

 

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾ: ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਵਾਈਸ ਚਾਂਸਲਰ ਡਾ: ਰਾਜ ਬਹਾਦਰ ਅੰਤਰਰਾਸ਼ਟਰੀ ਸ਼ਖ਼ਸੀਅਤ ਹਨ। ਉਨ੍ਹਾਂ ਨਾਲ ਦੁਰਵਿਵਹਾਰ ਨਿੰਦਣਯੋਗ ਹੈ। ਜਦੋਂ ਉਹ ਸਿੱਖਿਆ ਮੰਤਰੀ ਵਜੋਂ ਬਾਬਾ ਫ਼ਰੀਦ ਯੂਨੀਵਰਸਿਟੀ ਗਏ ਸਨ ਤਾਂ ਉਨ੍ਹਾਂ ਨੇ ਡਾ: ਰਾਜ ਬਹਾਦਰ ਨੂੰ ਆਪਣੀ ਕੁਰਸੀ 'ਤੇ ਬਿਠਾਇਆ ਸੀ। ਉਹ ਬਹੁਤ ਹੀ ਸਤਿਕਾਰਤ ਸ਼ਖਸੀਅਤ ਹਨ।

 



ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਦਾ ਦੌਰਾ ਕਰਨ ਗਏ ਸਨ। ਇਸ ਦੌਰਾਨ ਸਿਹਤ ਮੰਤਰੀ ਜੌੜਾਮਾਜਰਾ ਇਕ ਵਾਰਡ ‘ਚ ਬੈੱਡ ‘ਤੇ ਪਏ ਇਕ ਫਟੇ ਹੋਏ ਪੁਰਾਣੇ ਗੱਦੇ ਨੂੰ ਦੇਖ ਕੇ ਭੜਕ ਗਏ। ਇਸ ਦੌਰਾਨ ਉਨ੍ਹਾਂ ਦੇ ਨਾਲ ਮੌਜੂਦ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵੀਸੀ ਡਾ: ਰਾਜ ਬਹਾਦਰ ਨੂੰ ਇਸ ਗੱਦੇ ‘ਤੇ ਲੇਟਣ ਲਈ ਕਿਹਾ ਗਿਆ ਅਤੇ ਉਨ੍ਹਾਂ ਨਾਲ ਬੁਰਾ ਵਿਵਹਾਰ ਕੀਤਾ।  

 

ਸਿਹਤ ਮੰਤਰੀ ਦੇ ਵਿਵਹਾਰ ਤੋਂ ਦੁਖੀ ਹੋ ਕੇ ਫਰੀਦਕੋਟ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਵਾਈਸ ਚਾਂਸਲਰ ਨੇ ਆਪਣਾ ਅਸਤੀਫਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਭੇਜਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਜੀਵਨ ’ਚ ਪਹਿਲੀ ਵਾਰ ਅਜਿਹੇ ਬੁਰੇ ਵਿਵਹਾਰ ਦਾ ਸਾਹਮਣਾ ਕੀਤਾ ਹੈ, ਜਿਸ ਤੋਂ ਨਿਰਾਸ਼ ਹੋ ਕੇ ਉਹ ਅਸਤੀਫਾ ਦੇ ਰਹੇ ਹਨ।