ਜਲੰਧਰ : ਜਲੰਧਰ ਜ਼ਿਲ੍ਹੇ ਦੇ ਰਾਮਾਮੰਡੀ ਵਿਖੇ ਇੱਕ ਨਿੱਜੀ ਹਸਪਤਾਲ ਕੁੱਟਮਾਰ ਨੂੰ ਲੈ ਕੇ ਲਗਾਤਾਰ ਸੁਰਖੀਆਂ ਵਿੱਚ ਰਹਿੰਦਾ ਹੈ। ਪੁਲਿਸ ਦੇ ਇੱਕ ASI ਨੇ ਨਿੱਜੀ ਹਸਪਤਾਲ 'ਤੇ ਕੁੱਟਮਾਰ ਦੇ ਦੋਸ਼ ਲਗਾਏ ਹਨ। ਜਿਸ ਤੋਂ ਬਾਅਦ ਏਐਸਆਈ ਜਸਪਾਲ ਸਿੰਘ ਨੇ ਦੇਰ ਰਾਤ ਥਾਣਾ ਰਾਮਾਮੰਡੀ ਸ਼ਿਕਾਇਤ ਦਰਜ ਕਰਵਾਈ ਹੈ।


 

ਏਐਸਆਈ ਜਸਪਾਲ ਸਿੰਘ ਨੇ ਦੱਸਿਆ ਕਿ ਜਦੋਂ ਉਹ ਆਪਣੀ ਡਿਊਟੀ ਖਤਮ ਕਰਕੇ ਆਪਣੇ ਘਰ ਜਾ ਰਿਹਾ ਸੀ ਤਾਂ ਅਚਾਨਕ ਉਸ ਨੂੰ ਚੱਕਰ ਆਉਣ ਲੱਗਾ। ਉਹ ਆਪਣੀ ਕਾਰ ਨੂੰ ਰਾਮਾਮੰਡੀ ਦੇ ਇੱਕ ਨਿੱਜੀ ਹਸਪਤਾਲ ਲੈ ਗਿਆ। ਜਿੱਥੇ ਹਸਪਤਾਲ 'ਚ ਉਸ ਦਾ ਬੀਪੀ ਚੈੱਕ ਕੀਤਾ ਗਿਆ ਤਾਂ ਉਹ ਘੱਟ ਨਿਕਲਿਆ। ਉਸਨੂੰ ਲਿਮਕਾ ਵਿੱਚ ਨਮਕ ਮਿਲਾ ਕੇ ਪੀਣ ਲਈ ਕਿਹਾ ਅਤੇ ਦਵਾਈ ਵੀ ਦਿੱਤੀ।

 


ਉਸ ਨੇ ਨਮਕ ਪਾ ਕੇ ਕੋਲਡ ਡਰਿੰਕ ਪੀ ਲਈ ਅਤੇ ਥੋੜ੍ਹੀ ਦੂਰ ਹੀ ਉਸ ਦੀ ਸਿਹਤ ਹੋਰ ਵਿਗੜ ਗਈ। ਉਹ ਵਾਪਸ ਹਸਪਤਾਲ ਆ ਗਿਆ।  ਜਦੋਂ ਉਹ ਦੁਬਾਰਾ ਹਸਪਤਾਲ ਆਇਆ ਤਾਂ ਹਸਪਤਾਲ ਦੇ ਮਾਲਕ ਨੇ ਉਸ ਨੂੰ ਸਾਰਿਆਂ ਦੇ ਸਾਹਮਣੇ ਥੱਪੜ ਮਾਰਿਆ। ਇਸ ਤੋਂ ਬਾਅਦ ਸਟਾਫ ਨੇ ਉਸ ਨੂੰ ਹਸਪਤਾਲ ਤੋਂ ਬਾਹਰ ਕੱਢ ਦਿੱਤਾ। ਏਐਸਆਈ ਜਸਪਾਲ ਨੇ ਦੱਸਿਆ ਕਿ ਉਹ ਗੁਲਮਰਗ ਕਲੋਨੀ ਦਾ ਰਹਿਣ ਵਾਲਾ ਹੈ। ਉਸਦੀ ਪੋਸਟਿੰਗ ਪੁਲਿਸ ਲਾਈਨ ਵਿੱਚ ਹੈ।



 



ਏਐਸਆਈ ਨੇ ਦੋਸ਼ ਲਾਇਆ ਕਿ ਹਸਪਤਾਲ ਮਾਲਕ ਦੇ ਪੁਲੀਸ ਵਿਭਾਗ ਵਿੱਚ ਕੁਝ ਰਿਸ਼ਤੇਦਾਰ ਹਨ, ਜਿਨ੍ਹਾਂ ਦੀ ਸਹਿ 'ਤੇ ਉਹ ਗੁੰਡਾਗਰਦੀ ਕਰਦਾ ਹੈ ਅਤੇ ਪੁਲੀਸ ਉਸ ਦਾ ਕੋਈ ਨੁਕਸਾਨ ਨਹੀਂ ਕਰ ਸਕਦੀ। ਉਸ ਨੇ ਹੈਲਪਲਾਈਨ ਨੰਬਰ ’ਤੇ ਸ਼ਿਕਾਇਤ ਵੀ ਦਰਜ ਕਰਵਾਈ ਸੀ ਪਰ ਪੁਲੀਸ ਹਸਪਤਾਲ ਮਾਲਕ ਦੇ ਰਿਸ਼ਤੇਦਾਰਾਂ ਕਾਰਨ ਕੋਈ ਕਾਰਵਾਈ ਨਹੀਂ ਕਰ ਰਹੀ।