ਝੱਜਰ: ਕੇਂਦਰ ਵੱਲੋਂ ਲਿਆਂਦੇ ਗਏ ਖੇਤੀ ਸੁਧਾਰ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕਰਦੇ ਸ਼ਨੀਵਾਰ ਰਾਤ ਨੂੰ ਟਿਕਰੀ ਬਾਰਡਰ 'ਤੇ ਦੋ ਹੋਰ ਕਿਸਾਨਾਂ ਦੀ ਮੌਤ ਹੋ ਗਈ। ਦੋਵੇਂ ਕਿਸਾਨ ਬਠਿੰਡਾ (ਪੰਜਾਬ) ਤੇ ਜੀਂਦ (ਹਰਿਆਣਾ) ਦੇ ਸੀ। ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾਂਦਾ ਹੈ। ਟਿੱਕਰੀ ਹੱਦ 'ਤੇ ਹੁਣ ਤਕ ਲਗਪਗ 13 ਪ੍ਰਦਰਸ਼ਨਕਾਰੀ ਆਪਣੀਆਂ ਜਾਨਾਂ ਗੁਆ ਚੁੱਕੇ ਹਨ। 13 ਵਿੱਚੋਂ 11 ਦੀ ਮੌਤ ਦਿਲ ਦਾ ਦੌਰ ਪੈਣ ਕਾਰਨ ਹੋਈ ਹੈ।


ਹਾਸਲ ਜਾਣਕਾਰੀ ਅਨੁਸਾਰ ਹੁਣ ਤੱਕ 50 ਕਿਸਾਨਾਂ ਦੀ ਮੌਤ ਦਿੱਲੀ ਦੀਆਂ ਹੱਦਾਂ 'ਤੇ ਖੇਤ ਕਾਨੂੰਨਾਂ ਦੇ ਵਿਰੋਧ ਪ੍ਰਦਰਸ਼ਨ ਕਰਦਿਆਂ ਹੋ ਚੁੱਕੀ ਹੈ। ਪਹਿਲੇ 15 ਦਿਨਾਂ ਵਿੱਚ, ਠੰਢੇ ਮੌਸਮ ਜਾਂ ਹਾਦਸਿਆਂ ਕਾਰਨ 15 ਦੇ ਕਰੀਬ ਕਿਸਾਨ ਮਾਰੇ ਗਏ ਸੀ। ਉਸ ਤੋਂ ਬਾਅਦ ਮੌਤਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਸੰਯੁਕਤ ਕਿਸਾਨ ਮੋਰਚੇ ਵੱਲੋਂ 16 ਦਸੰਬਰ ਨੂੰ ਜਾਰੀ ਸੂਚੀ ਮੁਤਾਬਕ ਕੁੱਲ੍ਹ 30 ਕਿਸਾਨਾਂ ਦੀ ਮੌਤ ਪ੍ਰਦਰਸ਼ਨ ਦੌਰਾਨ ਹੋਈ। ਉਸ ਮਗਰੋਂ 20 ਦੇ ਕਰੀਬ ਹੋਰ ਕਿਸਾਨ ਆਪਣੀ ਜਾਨ ਗੁਆ ਚੁੱਕੇ ਹਨ।

32 ਕਿਸਾਨ ਸੰਗਠਨਾਂ ਨੇ 26 ਤੇ 27 ਨਵੰਬਰ ਨੂੰ ‘ਦਿੱਲੀ ਚਲੋ’ ਦਾ ਸੱਦਾ ਦਿੱਤਾ ਸੀ। ਪੰਜਾਬ ਵੱਲੋਂ ਇਸ ਅੰਦੋਲਨ ਨੂੰ ਭਾਰੀ ਹੁੰਗਾਰੇ ਤੋਂ ਬਾਅਦ ਦੇਸ਼ ਦੇ ਹੋਰ ਹਿੱਸਿਆਂ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਵੀ ਰਾਜਧਾਨੀ ਦੀਆਂ ਹੱਦਾਂ ’ਤੇ ਪਹੁੰਚ ਗਏ। ਅੱਜ ਕਿਸਾਨਾਂ ਦੇ ਅੰਦੋਲਨ ਨੂੰ 40 ਦਿਨ ਹੋ ਗਏ ਹਨ ਪਰ ਅਜੇ ਤਕ ਗੱਲ ਸਿਰੇ ਨਹੀਂ ਲੱਗੀ ਹੈ। ਅਨੁਮਾਨ ਤਾਂ ਇਹੀ ਲਾਇਆ ਜਾ ਰਿਹਾ ਹੈ ਕਿ ਇਹ ਅੰਦੋਲਨ ਅਜੇ ਹੋਰ ਲੰਬਾ ਖਿੱਚੇਗਾ।